ਅੰਬਾਲਾ, 27 ਅਕਤੂਬਰ (ਆਰ. ਸਿੰਘ):- ਓਸਲੋ (ਨਾਰਵੇ) ਤੋਂ ਜਸਕਰਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਨਾਰਵੇ ਦੀ ਸੰਸਦ ਦੇ ਪ੍ਰਧਾਨ ਸ੍ਰੀ ਮਸੂਦ ਗ੍ਹਰਾਹਖਾਨੀ ਵਿਚਕਾਰ ਓਸਲੋ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਮੁਲਾਕਾਤ ਹੋਈ। ਸ੍ਰੀ ਗ੍ਹਰਾਹਖਾਨੀ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਉਨ੍ਹਾਂ ਨਾਲ ਗਏ ਸਿੱਖ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੜਗੱਜ ਨੇ ਸ੍ਰੀ ਗ੍ਹਰਾਹਖਾਨੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ।

ਇਸ ਮੁਲਾਕਾਤ ਦੌਰਾਨ ਨਾਰਵੇ ਤੋਂ ਸ. ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ, ਸ. ਬਲਜੀਤ ਸਿੰਘ, ਸ. ਗੁਰਿੰਦਰ ਸਿੰਘ, ਸ. ਭੁਪਿੰਦਰ ਸਿੰਘ, ਸ. ਇਕਬਾਲ ਸਿੰਘ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਵੀ ਹਾਜ਼ਰ ਰਹੇ।

ਮੁਲਾਕਾਤ ਦੌਰਾਨ ਸ੍ਰੀ ਮਸੂਦ ਗ੍ਹਰਾਹਖਾਨੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਕਾਰ ਨਾਰਵੇ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਦੇਸ਼ ਦੀ ਤਰੱਕੀ ਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਚਰਚਾ ਹੋਈ। ਜਥੇਦਾਰ ਗੜਗੱਜ ਨੇ ਸ੍ਰੀ ਗ੍ਹਰਾਹਖਾਨੀ ਨੂੰ ਨਾਰਵੇ ਵਿੱਚ ਸਿੱਖਾਂ ਨੂੰ ਆ ਰਹੀਆਂ ਕੁਝ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਇਆ। ਇਸ ’ਤੇ ਉਨ੍ਹਾਂ ਸਿੱਖ ਵਫ਼ਦ ਨੂੰ ਇਨ੍ਹਾਂ ਮੁਸ਼ਕਲਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ ਦਿੱਤਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਾਰਵੇ ਸਰਕਾਰ ਵੱਲੋਂ ਵਿਸਾਖੀ ਮੌਕੇ ਹਰ ਸਾਲ ਸਿੱਖ ਦਸਤਾਰ ਦਿਵਸ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਇਸ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਾਰਵੇ ਦੇ ਸਥਾਨਕ ਭਾਈਚਾਰਿਆਂ ਵਿੱਚ ਸਿੱਖ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਮਦਦ ਮਿਲੀ ਹੈ ਅਤੇ ਨਾਰਵੇ ਦੇ ਲੋਕ ਸਿੱਖ ਦਸਤਾਰ ਨੂੰ ਮਾਣ-ਸਤਿਕਾਰ ਦੇ ਰਹੇ ਹਨ।

ਸ੍ਰੀ ਮਸੂਦ ਗ੍ਹਰਾਹਖਾਨੀ ਨੇ ਕੋਵਿਡ-19 ਮਹਾਮਾਰੀ ਦੌਰਾਨ ਨਾਰਵੇ ਵਿੱਚ ਸਿੱਖਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਨਾਰਵੇ ਵਿੱਚ ਕਿਸੇ ਭਾਈਚਾਰੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਅੱਗੇ ਹੋ ਕੇ ਨਿਸ਼ਕਾਮ ਸੇਵਾ ਨਿਭਾਉਂਦੇ ਹਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਾਰਵੇ ਵਿੱਚ ਸਿੱਖਾਂ ਨੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਆਪਣੀ ਮਿਹਨਤ, ਉੱਦਮ, ਪੇਸ਼ੇਵਰ ਸੇਵਾਵਾਂ, ਭਾਈਚਾਰਕ ਸ਼ਮੂਲੀਅਤ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਸੇਵਾ ਦੇ ਉਪਰਾਲਿਆਂ ਰਾਹੀਂ ਸਿੱਖਾਂ ਨੇ ਨਾਰਵੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉੱਥੋਂ ਦੇ ਬਹੁ-ਸੱਭਿਆਚਾਰਕ ਸਮਾਜ ਨੂੰ ਹੋਰ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੇਵਾ, ਸਮਾਨਤਾ, ਆਪਸੀ ਸਾਂਝ ਅਤੇ ਸਾਰੇ ਧਰਮਾਂ ਦੇ ਸਤਿਕਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਅਜਿਹੇ ਮੁੱਲਾਂ ਦੀ ਪ੍ਰਤੀਕ ਹੈ, ਜੋ ਸਮਾਜਿਕ ਏਕਤਾ ਅਤੇ ਭਾਈਚਾਰਿਆਂ ਵਿਚਕਾਰ ਆਪਸੀ ਸਾਂਝ ਨੂੰ ਮਜ਼ਬੂਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਮਸੂਦ ਗ੍ਹਰਾਹਖਾਨੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਨਾਲ ਉਹ ਸਿੱਖ ਸਿਧਾਂਤਾਂ ਨੂੰ ਨੇੜਿਓਂ ਜਾਣ ਸਕਣਗੇ। ਇਹ ਦੌਰਾ ਸਿੱਖਾਂ ਅਤੇ ਨਾਰਵੇ ਦੇ ਲੋਕਾਂ ਦਰਮਿਆਨ ਦੋਸਤੀ, ਆਪਸੀ ਸਤਿਕਾਰ ਅਤੇ ਸਮਝ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਅਰਥਪੂਰਨ ਮੌਕਾ ਹੋਵੇਗਾ।