ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਮਾਣਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ, ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ. ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਚਲਾਈ ਜਾ ਰਹੀ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ 10 ਰੁਪਏ ਪ੍ਰਤੀ ਥਾਲੀ ਦੀ ਮਾਮੂਲੀ ਦਰ ’ਤੇ ਦੁਪਹਿਰ ਦਾ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਥੇ ਹਰ ਰੋਜ਼ 500 ਤੋਂ ਵੱਧ ਲੋੜਵੰਦ ਲੋਕ ਭੋਜਨ ਦਾ ਲਾਭ ਲੈ ਰਹੇ ਹਨ।

ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਨੇਕ ਉਪਰਾਲੇ ਨੂੰ ਲਗਾਤਾਰ ਜਾਰੀ ਰੱਖਣ ਅਤੇ ਇਸ ਵਿੱਚ ਆਮ ਜਨਤਾ ਦੀ ਹਿੱਸੇਦਾਰੀ ਵਧਾਉਣ ਲਈ ਸੁਸਾਇਟੀ ਵੱਲੋਂ ‘ਬੁੱਕ-ਏ-ਡੇ’ ਪਹਿਲਕਦਮੀ ਚਲਾਈ ਜਾ ਰਹੀ ਹੈ। ਇਸ ਤਹਿਤ ਕੋਈ ਵੀ ਵਿਅਕਤੀ 5,100 ਰੁਪਏ ਦਾ ਯੋਗਦਾਨ ਪਾ ਕੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਿਆਰਿਆਂ ਦੇ ਨਾਮ ’ਤੇ ਸਾਂਝੀ ਰਸੋਈ ਦਾ ਇੱਕ ਦਿਨ ਬੁੱਕ ਕਰਵਾ ਸਕਦਾ ਹੈ। ਲੋਕ ਇਸ ਪਹਿਲਕਦਮੀ ਰਾਹੀਂ ਆਪਣੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕਿਸੇ ਵਿਛੜੇ ਹੋਏ ਪਰਿਵਾਰਕ ਮੈਂਬਰ ਦੀ ਨਿੱਘੀ ਯਾਦ ਵਿੱਚ ਭੋਜਨ ਦੀ ਸੇਵਾ ਕਰਕੇ ਇਨ੍ਹਾਂ ਵਿਸ਼ੇਸ਼ ਮੌਕਿਆਂ ਨੂੰ ਯਾਦਗਾਰ ਬਣਾ ਸਕਦੇ ਹਨ। ਜਨਮਦਿਨ ਦੇ ਮੌਕੇ ’ਤੇ ਰੈੱਡ ਕਰਾਸ ਵੱਲੋਂ ਸਾਂਝੀ ਰਸੋਈ ਵਿਖੇ ਕੇਕ ਕੱਟਣ ਦਾ ਸਮਾਗਮ ਵੀ ਕਰਵਾਇਆ ਜਾਂਦਾ ਹੈ।

ਇਸੇ ਲੜੀ ਤਹਿਤ ਅੱਜ ਚੰਡੀਗੜ੍ਹ ਵਾਸੀ ਸ਼੍ਰੀ ਅਜੇਸ਼ ਗੁਪਤਾ ਵੱਲੋਂ ਆਪਣੇ ਪੁੱਤਰ ਉਦੈ ਗੁਪਤਾ ਦੇ ਜਨਮਦਿਨ ਮੌਕੇ ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ 5,100 ਰੁਪਏ ਦਾ ਯੋਗਦਾਨ ਪਾਇਆ ਗਿਆ।

ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਮੰਗੇਸ਼ ਸੂਦ ਨੇ ਆਮ ਜਨਤਾ ਨੂੰ ਇਸ ਨੇਕ ਕਾਰਜ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਸਾਂਝੀ ਰਸੋਈ ਨੂੰ ਆਰਥਿਕ ਸਹਿਯੋਗ ਦਿੰਦੇ ਹਨ, ਸਗੋਂ ਸਾਡੀਆਂ ਨਿੱਜੀ ਖੁਸ਼ੀਆਂ ਅਤੇ ਯਾਦਾਂ ਨੂੰ ਸਮਾਜ ਸੇਵਾ ਨਾਲ ਵੀ ਜੋੜਦੇ ਹਨ।