ਚੰਡੀਗੜ੍ਹ, 15 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਲਈ ਇਤਿਹਾਸਕ ਹੈ। ਕਿਸ਼ਾਊ ਬਹੁ-ਉਦੇਸ਼ੀ ਪ੍ਰੋਜੈਕਟ ਨੂੰ ਲੈ ਕੇ ਛੇ ਰਾਜਾਂ ਵਿਚਾਲੇ ਐਮਓਯੂ ’ਤੇ ਦਸਤਖਤ ਹੋਣਾ ਸਾਲਾਂ ਤੋਂ ਲਟਕਦੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਕਿਸ਼ਾਊ ਬਹੁ-ਉਦੇਸ਼ੀ ਪ੍ਰੋਜੈਕਟ ਨੂੰ ਲੈ ਕੇ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਸਬੰਧਤ ਰਾਜਾਂ ਦੇ ਉੱਚ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਵੀ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਛੇ ਰਾਜਾਂ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਸਰਗਰਮ ਯਤਨਾਂ ਨਾਲ ਸਾਲਾਂ ਤੋਂ ਲਟਕਦੇ ਇਸ ਵਿਸ਼ੇ ’ਤੇ ਰਾਜਾਂ ਵਿਚਾਲੇ ਸਹਿਮਤੀ ਬਣਾਉਣ ਦਾ ਰਾਹ ਸਾਫ਼ ਹੋਇਆ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ।
ਉਨ੍ਹਾਂ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਰਾਜਾਂ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਕਿਸ਼ਾਊ ਪ੍ਰੋਜੈਕਟ ਨੂੰ ਗਤੀ ਦੇਣ ਦਾ ਕੰਮ ਕੀਤਾ ਹੈ। ਸ਼੍ਰੀ ਪਾਟਿਲ ਦੀ ਪ੍ਰਧਾਨਗੀ ਹੇਠ ਛੇ ਰਾਜਾਂ ਵਿਚਾਲੇ ਐਮਓਯੂ ’ਤੇ ਦਸਤਖਤ ਹੋਣਾ ਇਸ ਦਿਸ਼ਾ ਵਿੱਚ ਵੱਡੀ ਪ੍ਰਾਪਤੀ ਹੈ।

ਯਮੁਨਾ ਵਿੱਚ ਪਾਣੀ ਵਧਣ ਦਾ ਹਰਿਆਣਾ ਨੂੰ ਮਿਲੇਗਾ ਸਿੱਧਾ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾ ਵਿੱਚ ਹਰਿਆਣਾ ਦੇ ਪਾਣੀ ਦਾ ਹਿੱਸਾ 48 ਪ੍ਰਤੀਸ਼ਤ ਹੈ। ਅਜਿਹੇ ਵਿੱਚ ਯਮੁਨਾ ਵਿੱਚ ਪਾਣੀ ਦੀ ਉਪਲਬਧਤਾ ਵਧਣ ਨਾਲ ਹਰਿਆਣਾ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਕਿਸ਼ਾਊ ਪ੍ਰੋਜੈਕਟ ਦੇ ਨਾਲ-ਨਾਲ ਰੇਣੁਕਾ ਜੀ ਅਤੇ ਲਖਵਾਰ ਪ੍ਰੋਜੈਕਟ ਵੀ ਹਰਿਆਣਾ ਲਈ ਮਹੱਤਵਪੂਰਨ ਹਨ। ਇਹਨਾਂ ਦੋਵਾਂ ਪ੍ਰੋਜੈਕਟਾਂ ’ਤੇ ਪਹਿਲਾਂ ਹੀ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਹੁਣ ਜਲਦੀ ਹੀ ਕਿਸ਼ਾਊ ਪ੍ਰੋਜੈਕਟ ’ਤੇ ਵੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਤਿੰਨੋਂ ਪ੍ਰੋਜੈਕਟਾਂ ਨਾਲ ਵਧੇਗੀ ਪਾਣੀ ਦੀ ਉਪਲਬਧਤਾ
ਸ਼੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਰੇਣੁਕਾ ਜੀ, ਲਖਵਾਰ ਅਤੇ ਕਿਸ਼ਾਊ ਇਹਨਾਂ ਤਿੰਨੋਂ ਪ੍ਰੋਜੈਕਟਾਂ ਤੋਂ ਹਰਿਆਣਾ ਦੇ ਪਾਣੀ ਦਾ ਸ਼ੇਅਰ ਲਗਭਗ 1143 ਐਮ.ਸੀ.ਐਮ. ਹੋਵੇਗਾ। ਇਹਨਾਂ ਤਿੰਨੋਂ ਪ੍ਰੋਜੈਕਟਾਂ ਤੋਂ ਕੁੱਲ 2676 ਕਿਊਸਿਕ ਪਾਣੀ ਦੀ ਉਪਲਬਧਤਾ ਵਧੇਗੀ, ਜਿਸ ਵਿੱਚੋਂ 1280 ਕਿਊਸਿਕ ਪਾਣੀ ਹਰਿਆਣਾ ਦੇ ਹਿੱਸੇ ਵਿੱਚ ਹੋਵੇਗਾ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਣੀ ਕਿਸੇ ਵੀ ਰਾਜ ਦੇ ਵਿਕਾਸ ਦੀਆਂ ਸਭ ਤੋਂ ਮਹੱਤਵਪੂਰਨ ਲੋੜਾਂ ਵਿੱਚੋਂ ਇੱਕ ਹੈ। ਵਧਦੀ ਆਬਾਦੀ ਅਤੇ ਵਿਕਾਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਲੋੜ ਵੀ ਵਧੇਗੀ। ਅਜਿਹੇ ਵਿੱਚ ਇਹਨਾਂ ਪ੍ਰੋਜੈਕਟਾਂ ਤੋਂ ਵਧਣ ਵਾਲੀ ਪਾਣੀ ਦੀ ਉਪਲਬਧਤਾ ਹਰਿਆਣਾ ਦੀਆਂ ਵਰਤਮਾਨ ਲੋੜਾਂ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਲਾਂ ਤੋਂ ਲਟਕਦੇ ਕਿਸ਼ਾਊ ਬਹੁ-ਉਦੇਸ਼ੀ ਪ੍ਰੋਜੈਕਟ ’ਤੇ ਹੁਣ ਰਾਜਾਂ ਵਿਚਾਲੇ ਸਹਿਮਤੀ ਬਣਨ ਨਾਲ ਇਸ ਨੂੰ ਲਾਗੂ ਕਰਨ ਦਾ ਰਾਹ ਸਾਫ਼ ਹੋਇਆ ਹੈ। ਪਾਣੀ ਅਤੇ ਬਿਜਲੀ ਦੀ ਵੰਡ ਸਮੇਤ ਪ੍ਰੋਜੈਕਟ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ’ਤੇ ਸਹਿਮਤੀ ਬਣਨਾ ਸਾਰੇ ਸਬੰਧਤ ਰਾਜਾਂ ਲਈ ਸਕਾਰਾਤਮਕ ਕਦਮ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮਾਰਗਦਰਸ਼ਨ ਅਤੇ ਰਾਜਾਂ ਦੇ ਆਪਸੀ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਿਸ਼ਾਊ ਪ੍ਰੋਜੈਕਟ ’ਤੇ ਜਲਦੀ ਕੰਮ ਸ਼ੁਰੂ ਹੋਵੇਗਾ ਅਤੇ ਇਸ ਦਾ ਲਾਭ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਨੂੰ ਵੀ ਮਿਲੇਗਾ।