ਪਟਿਆਲਾ (ਮਨਪ੍ਰੀਤ ਸਿੰਘ):- ਅਗਰਵਾਲ ਚੇਤਨਾ ਸਭਾ ਵੱਲੋਂ ਦੀਵਾਲੀ ਦੇ ਮੌਕੇ ’ਤੇ ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਉਨ੍ਹਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਬੱਚਿਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਅਤੇ ਛੋਟੇ ਬੱਚਿਆਂ ਵੱਲੋਂ ਪਟਾਕੇ ਚਲਾਉਣ ਸਮੇਂ ਮਾਤਾ-ਪਿਤਾ ਦੀ ਦੇਖ-ਰੇਖ ਵਿੱਚ ਰਹਿਣ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ।

ਸਭਾ ਦੇ ਮੈਂਬਰਾਂ ਨੇ ਕਿਹਾ ਕਿ ਅੱਜਕੱਲ੍ਹ ਪਰਾਲੀ ਸਾੜਨ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਰਤੋਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਸਾਨੂੰ ਇਸ ਪ੍ਰਦੂਸ਼ਣ ਤੋਂ ਬਚਣ ਦੀ ਲੋੜ ਹੈ, ਕਿਉਂਕਿ ਵਾਤਾਵਰਨ ਸ਼ੁੱਧ ਨਾ ਹੋਣ ਕਾਰਨ ਬਿਮਾਰੀਆਂ ਵੀ ਫੈਲਦੀਆਂ ਹਨ। ਉਨ੍ਹਾਂ ਵੱਧ ਤੋਂ ਵੱਧ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਬਚਣ ਅਤੇ ਇਸ ਦੀ ਥਾਂ ਕੱਪੜੇ ਤੇ ਜੂਟ ਦੇ ਥੈਲਿਆਂ ਦੀ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਫ਼ਸਲ ਦੀ ਕਟਾਈ ਤੋਂ ਬਾਅਦ ਅਕਸਰ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਸਾਰਿਆਂ ਨੂੰ ਗਰੀਨ ਪਟਾਕਿਆਂ ਨਾਲ ਦੀਵਾਲੀ ਮਨਾਉਣ ਅਤੇ ਵਾਤਾਵਰਨ ਪੱਖੀ ਤਰੀਕੇ ਅਪਣਾਉਣ ਦੀ ਸਲਾਹ ਦਿੱਤੀ ਗਈ, ਤਾਂ ਜੋ ਵਾਤਾਵਰਨ ਸ਼ੁੱਧ ਰਹੇ ਅਤੇ ਲੋਕ ਬਿਮਾਰੀਆਂ ਤੋਂ ਬਚੇ ਰਹਿਣ।

ਇਸ ਮੌਕੇ ਮੋਮਬੱਤੀਆਂ ਅਤੇ ਫੁਲਝੜੀਆਂ ਜਗਾ ਕੇ ਗਰੀਨ ਦੀਵਾਲੀ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸ੍ਰੀ ਵਿਜੇ ਕੁਮਾਰ ਗੋਇਲ (ਪੈਟਰਨ), ਅਗਰਵਾਲ ਚੇਤਨਾ ਸਭਾ, ਸ੍ਰੀ ਰਾਜੇਸ਼ ਗਰਗ (ਪ੍ਰਿੰਸੀਪਲ, ਵਿਕਟੋਰੀਆ ਸਕੂਲ), ਦਿਨੇਸ਼ ਕੁਮਾਰ, ਰੁਚਿਗ ਜਿੰਦਲ ਅਤੇ ਰੀਤੂ ਜਿੰਦਲ ਨੇ ਭਾਗ ਲਿਆ। ਇਸ ਮੌਕੇ ਰਾਸ਼ਟਰੀ ਅਵਾਰਡੀ ਦਿਨੇਸ਼ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।