ਸ਼ੇਰਪੁਰ, 22 ਮਈ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਫਾਰਮ ਸਲਾਹਕਾਰ ਸੇਵਾ ਕੇਂਦਰ (ਐਫ.ਏ.ਐਸ.ਸੀ.) ਸੰਗਰੂਰ ਵੱਲੋਂ ਪਿੰਡ ਹੇੜੀਕੇ ਵਿਖੇ ਝੋਨੇ ਅਤੇ ਬਾਸਮਤੀ ਦੀਆਂ ਸਿਫਾਰਿਸ਼ਸ਼ੁਦਾ ਕਿਸਮਾਂ, ਮਿੱਟੀ ਪਰਖ ਆਧਾਰਿਤ ਖਾਦ ਪ੍ਰਬੰਧਨ ਅਤੇ ਫਾਸਫੋਰਸ ਖਾਦ ਦੀ ਸੁਚੱਜੀ ਵਰਤੋਂ ਸਬੰਧੀ ਕਿਸਾਨ ਗੋਸ਼ਟੀ ਕਰਵਾਈ ਗਈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ, ਨੇ ਕਿਹਾ ਕਿ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨਾ ਸਿਰਫ਼ ਖੇਤੀ ਦੀ ਲਾਗਤ ਵਧਾਉਂਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਲਈ ਵੀ ਨੁਕਸਾਨਦਾਇਕ ਸਾਬਤ ਹੁੰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਤੁਲਿਤ ਖਾਦ ਪ੍ਰਬੰਧਨ ਨਾਲ ਘੱਟ ਖਰਚੇ ਵਿੱਚ ਵਧੀਆ ਪੈਦਾਵਾਰ ਹਾਸਲ ਕੀਤੀ ਜਾ ਸਕਦੀ ਹੈ।
ਡਾ. ਗਰਗ ਨੇ ਮੌਕੇ ’ਤੇ ਖੁਦ ਮਿੱਟੀ ਦੇ ਨਮੂਨੇ ਲੈ ਕੇ ਕਿਸਾਨਾਂ ਨੂੰ ਸਹੀ ਢੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਝੋਨੇ ਅਤੇ ਬਾਸਮਤੀ ਵਿੱਚ ਡੀ.ਏ.ਪੀ. ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਯੂਰੀਆ ਦੀ ਸੰਜਮ ਨਾਲ ਵਰਤੋਂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਪਾਉਣ ਦੀ ਪ੍ਰਥਾ ਤੋਂ ਗੁਰੇਜ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਸਿਰਫ਼ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਪੂਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਝੋਨੇ ਦੀ ਪੌਦ ਨੂੰ ਲੱਗਣ ਵਾਲੇ ਜੀਵਾਣੂੰ ਖਾਦ (ਐਜ਼ੋਸਪਾਇਰਲ) ਦੇ ਟੀਕੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਜੈਵਿਕ ਟੀਕਾ ਫਸਲ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੈਂਪ ਦੌਰਾਨ ਹਰੀ ਖਾਦਾਂ ਜਿਵੇਂ ਜੰਤਰ ਅਤੇ ਸਣ ਦੀ ਕਾਸ਼ਤ ਦੇ ਲਾਭਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਗਰਗ ਨੇ ਝੋਨੇ ਦੀ ਪਨੀਰੀ ਵਿੱਚ ਬੌਣੇ ਬੂਟਿਆਂ ਦੇ ਰੋਗ ਦੀ ਪਛਾਣ ਅਤੇ ਰੋਕਥਾਮ ਸਬੰਧੀ ਸਿਫਾਰਿਸ਼ਾਂ ਸਾਂਝੀਆਂ ਕਰਦਿਆਂ ਕਿਸਾਨਾਂ ਨੂੰ ਪਨੀਰੀ ਦੀ ਨਿਯਮਿਤ ਨਿਗਰਾਨੀ ਕਰਨ ਲਈ ਪ੍ਰੇਰਿਆ।
ਉਨ੍ਹਾਂ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਪੀ.ਆਰ. 131, ਪੀ.ਆਰ. 128, ਪੀ.ਆਰ. 126 ਅਤੇ ਨਵੀਂ ਕਿਸਮ ਪੀ.ਆਰ. 133 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀ.ਆਰ. 133 ਕਿਸਮ ਲੁਆਈ ਤੋਂ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਪ੍ਰਤੀ ਏਕੜ ਕਰੀਬ 30.5 ਕੁਇੰਟਲ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ।
ਬਾਸਮਤੀ ਦੀਆਂ ਪ੍ਰਸਿੱਧ ਕਿਸਮਾਂ ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1847 ਵਿੱਚ ਖਾਦ ਪ੍ਰਬੰਧਨ ਅਤੇ ਝੰਡਾ ਰੋਗ ਤੋਂ ਬਚਾਅ ਲਈ ਬੀਜ ਸੋਧ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਨੂੰ ਪੀ.ਏ.ਯੂ. ਲੁਧਿਆਣਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ ਅਤੇ ਪੇਂਡੂ ਵਿਦਿਆਰਥੀਆਂ ਨੂੰ ਖੇਤੀ ਸਿੱਖਿਆ ਵੱਲ ਪ੍ਰੇਰਿਤ ਕੀਤਾ ਗਿਆ।
ਕੈਂਪ ਨੂੰ ਉਲੀਕਣ ਵਿੱਚ ਸ. ਰਵਿੰਦਰ ਸਿੰਘ, ਸ. ਜਸਪਾਲ ਸਿੰਘ, ਸ. ਕੁਲਦੀਪ ਸਿੰਘ (ਸੈਕਟਰੀ), ਸ. ਅਜੈਪਾਲ ਸਿੰਘ, ਸ. ਗਗਨਦੀਪ ਸਿੰਘ ਨੇ ਪੂਰਾ ਯੋਗਦਾਨ ਪਾਇਆ। ਕੈਂਪ ਦੌਰਾਨ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੇ ਪੀ.ਆਰ. 126 ਦੇ ਬੀਜ, ਐਜ਼ੋਸਪਾਇਰਲਮ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਇਪਾਸ ਫੈਟ, ਪ੍ਰੀਮਿਕਸ ਅਤੇ ਖੇਤੀ ਸਾਹਿਤ ਦੀ ਵਿਕਰੀ ਵੀ ਕੀਤੀ ਗਈ।
ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਖੇਤੀਬਾੜੀ ਸਬੰਧੀ ਸਵਾਲਾਂ ਦੇ ਵਿਗਿਆਨਕ ਅਤੇ ਤਰਤੀਬਬੱਧ ਢੰਗ ਨਾਲ ਜਵਾਬ ਦਿੱਤੇ ਗਏ। ਕਿਸਾਨਾਂ ਨੇ ਮਿੱਟੀ ਪਰਖ ਕਰਵਾਉਣ ਅਤੇ ਸਿਫਾਰਿਸ਼ੀ ਖਾਦ ਪ੍ਰਬੰਧਨ ਅਪਣਾਉਣ ਲਈ ਭਰਪੂਰ ਰੁਚੀ ਦਿਖਾਈ।
ਅੰਤ ਵਿੱਚ ਕਿਸਾਨਾਂ ਨੂੰ ਖੇਤ ਵਿੱਚ ਹੀ ਮਿੱਟੀ ਦੇ ਨਮੂਨੇ ਲੈਣ ਦੀ ਸਹੀ ਵਿਧੀ ਬਾਰੇ ਜਾਣਕਾਰੀ ਦੇ ਕੇ ਨਮੂਨੇ ਇਕੱਠੇ ਕੀਤੇ ਗਏ। ਇਸ ਉਪਰੰਤ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਟੀਮ ਨੇ ਸ. ਰਵਿੰਦਰ ਸਿੰਘ ਵੱਲੋਂ ਬੀਜੀ ਗਈ 6 ਏਕੜ ਮੂੰਗੀ ਦੀ ਫਸਲ ਦਾ ਦੌਰਾ ਕਰਕੇ ਫਸਲ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ।