ਐਸ ਏ ਐਸ ਨਗਰ, 13 ਅਕਤੂਬਰ- ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਰਿਆਣਾ ਦੇ ਏ ਡੀ ਜੀ ਪੀ ਯੋਗਿੰਦਰ ਪੀ. ਕੁਮਾਰ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਕਿਹਾ ਹੈ ਕਿ ਇਸ ਮਾਮਲੇ ਨੇ ਭਾਜਪਾ ਦੀ ਮਨੂਵਾਦੀ ਸੋਚ ਨੂੰ ਜਾਹਿਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਡੀਜੀਪੀ ਯੋਗਿੰਦਰ ਪੀ. ਕੁਮਾਰ ਦੀ ਆਤਮਹੱਤਿਆ ਦੇ ਮਾਮਲੇ ਨੇ ਪ੍ਰਸ਼ਾਸਨ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰ ਦਿੱਤਾ ਹੈ। 
ਮਰਨ ਵਾਲੇ ਅਧਿਕਾਰੀ ਦੀ ਪਤਨੀ, ਜੋ ਖੁਦ ਇੱਕ ਆਈਏਐਸ ਅਫਸਰ ਹੈ, ਵੱਲੋਂ ਸਪਸ਼ਟ ਦੋਸ਼ ਲਗਾਇਆ ਗਿਆ ਹੈ ਕਿ ਡੀਜੀਪੀ ਸਮੇਤ ਉੱਚ ਅਧਿਕਾਰੀਆਂ ਦੇ ਦਬਾਅ ਕਾਰਨ ਉਸ ਦੇ ਪਤੀ ਨੇ ਇਹ ਕਦਮ ਚੁੱਕਿਆ। ਪਰ, ਇੰਨੇ ਗੰਭੀਰ ਮਾਮਲੇ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜੋ ਕਿ ਨਿਰਪੱਖਤਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਬੇਦੀ ਨੇ ਕਿਹਾ ਕਿ ਜਦੋਂ ਇੱਕ ਏਡੀਜੀਪੀ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਆਦਮੀ ਦੀ ਆਵਾਜ਼ ਕੌਣ ਸੁਣੇਗਾ? 
ਇਹ ਸਪਸ਼ਟ ਕਰਦਾ ਹੈ ਕਿ ਭਾਜਪਾ ਦੇ ਰਾਜ ਵਿੱਚ ਸੰਵਿਧਾਨ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਰਾਜਨੀਤੀ ਦੇਸ਼ ਦੇ ਭਵਿੱਖ ਲਈ ਖਤਰਨਾਕ ਹੈ ਕਿਉਂਕਿ ਇਹ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡ ਰਹੀ ਹੈ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ’ਤੇ ਰਾਜਨੀਤੀ ਕਰਨ ਵਾਲੇ ਲੋਕ ਦੇਸ਼ ਨੂੰ ਵੰਡਣ ਅਤੇ ਨਫਰਤ ਦਾ ਜ਼ਹਿਰ ਫੈਲਾਉਣ ਵਿੱਚ ਲੱਗੇ ਹੋਏ ਹਨ। 
ਭਾਜਪਾ ਦਾ ਸ਼ਾਸਨ ਸੰਵਿਧਾਨ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ। ਬੇਦੀ ਨੇ ਕਿਹਾ ਕਿ ਸੰਵਿਧਾਨ ਡਾ. ਅੰਬੇਦਕਰ ਵੱਲੋਂ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ, ਪਰ ਅੱਜ ਸਰਕਾਰ ਆਪਣੀ ਤਾਕਤ ਦੇ ਜ਼ੋਰ ’ਤੇ ਉਸ ਬਰਾਬਰੀ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਧਾਰਮਿਕ ਭੇਦਭਾਵ ਦੀ ਰਾਜਨੀਤੀ ਅਤੇ ਨਫਰਤ ਦੇ ਆਧਾਰ ’ਤੇ ਵੋਟਾਂ ਇਕੱਠੀਆਂ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਤਾਕਤਵਾਦੀ ਸੋਚ ਦੇਸ਼ ਦੀ ਏਕਤਾ ਅਤੇ ਭਾਈਚਾਰੇ ਲਈ ਖਤਰਾ ਹੈ। ਇਹ ਕੇਵਲ ਇੱਕ ਰਾਜਨੀਤਕ ਮਾਮਲਾ ਨਹੀਂ, ਬਲਕਿ ਸੰਵਿਧਾਨ ਅਤੇ ਲੋਕਤੰਤਰ ਦੀ ਰੂਹ ਨਾਲ ਖਿਲਵਾੜ ਹੈ। ਬੇਦੀ ਨੇ ਕਿਹਾ ਕਿ ਜਿਸ ਸੰਵਿਧਾਨ ਨੇ ਸਾਨੂੰ ਆਜ਼ਾਦੀ, ਬਰਾਬਰੀ ਅਤੇ ਨਿਆਂ ਦਾ ਅਧਿਕਾਰ ਦਿੱਤਾ, ਉਸ ਦੇ ਆਧਾਰਾਂ ਨੂੰ ਹਿਲਾਉਣਾ ਦੇਸ਼ ਨਾਲ ਧ੍ਰੋਹ ਦੇ ਬਰਾਬਰ ਹੈ।