ਮੋਹਾਲੀ, 18 ਨਵੰਬਰ (ਗੁਰਜੀਤ ਬਿੱਲਾ):- ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਲੋਕ ਨਾਚਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਨਿਊ ਥੀਏਟਰ ਵੱਲੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ 8ਵਾਂ ਸਾਲਾਨਾ ‘ਭੰਗੜਾ ਉਤਸਵ’ 22 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸੈਕਟਰ-68 ਸਥਿਤ ਸਿਟੀ ਪਾਰਕ ਦੇ ਓਪਨ ਆਡੀਟੋਰੀਅਮ ਵਿਖੇ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਇਸ ਮੌਕੇ ਫੈਸ਼ਨ ਸ਼ੋਅ ਵੀ ਕਰਵਾਇਆ ਜਾਵੇਗਾ।
ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ. ਪ੍ਰਿਤਪਾਲ ਸਿੰਘ (ਪੀਟਰ ਸੋਢੀ) ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬੱਚਿਆਂ, ਨੌਜਵਾਨਾਂ, ਕੰਮਕਾਜੀ ਪੇਸ਼ੇਵਰਾਂ ਅਤੇ ਸੀਨੀਅਰ ਸਿਟੀਜ਼ਨਾਂ ਸਮੇਤ ਹਰ ਉਮਰ ਵਰਗ ਦੇ ਕਲਾਕਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਪੁਰਾਤਨ ਭੰਗੜਾ, ਗਿੱਧਾ, ਝੂਮਰ ਅਤੇ ਲੁੱਡੀ ਵਰਗੇ ਪੰਜਾਬ ਦੇ ਰਵਾਇਤੀ ਲੋਕ ਨਾਚ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਹੋਣਗੇ। ਸ. ਸੋਢੀ ਨੇ ਦੱਸਿਆ ਕਿ ਸਮਾਗਮ ਵਿੱਚ ਬੌਧਿਕ ਅਸਮਰੱਥਾ ਵਾਲੇ ਵਿਦਿਆਰਥੀ, ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚੇ, ਹੋਰ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਆਪਣੀਆਂ ਪੇਸ਼ਕਾਰੀਆਂ ਦੇਣਗੇ। ਖਾਲਸਾ ਕਾਲਜ ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ ਦੇ ਵਿਦਿਆਰਥੀ ਵੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭੰਗੜਾ ਸਿਹਤ ਅਤੇ ਧਿਆਨ ਲਈ ਬਹੁਤ ਲਾਹੇਵੰਦ ਹੈ ਅਤੇ ਇਹ ਸਮਾਗਮ ਕਰੀਬ 14–15 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਡਾ. ਸੁਖਮਿੰਦਰ ਕੌਰ ਬਰਾੜ, ਚੇਅਰਪਰਸਨ, ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ; ਸਮਾਜ ਸੇਵੀ ਫੂਲ ਰਾਜ ਸਿੰਘ; ਬਾਲੀਵੁੱਡ ਅਤੇ ਪਾਲੀਵੁੱਡ ਦੇ ਅਦਾਕਾਰ, ਨਿਰਦੇਸ਼ਕ ਤੇ ਗਾਇਕ ਦਰਸ਼ਨ ਔਲਖ; ਅਤੇ ਅਮਰੀਕਾ ਤੋਂ ਲੋਕ ਕਲਾ ਪ੍ਰਮੋਟਰ ਅਸ਼ਵਨੀ ਟੈਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਭੰਗੜਾ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਹੋਣਗੀਆਂ। ਪਹਿਲਾਂ ਇਸ ਮੰਚ 'ਤੇ ਪੰਮੀ ਬਾਈ, ਭੁਪਿੰਦਰ ਬੱਬਲ, ਮਾਸਟਰ ਹਰਭਜਨ, ਜਸਬੀਰ ਪੰਨੂ ਅਤੇ ਹੋਰ ਨਾਮਵਰ ਕਲਾਕਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
ਇਸ ਦੌਰਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਰਵਾਇਤੀ ਭੰਗੜਾ ਸਿਹਤ ਦੇ ਨਾਲ-ਨਾਲ ਧਿਆਨ ਕੇਂਦਰਿਤ ਕਰਨ ਲਈ ਵੀ ਸਹਾਈ ਸਿੱਧ ਹੁੰਦਾ ਹੈ।
ਇੱਥੇ ਦੱਸਣਯੋਗ ਹੈ ਕਿ ਨਿਊ ਥੀਏਟਰ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ (ਪੀਟਰ ਸੋਢੀ) ਨੇ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ, 2 ਹਜ਼ਾਰ ਤੋਂ ਵੱਧ ਸਟੇਜ ਪ੍ਰਦਰਸ਼ਨ ਕੀਤੇ ਹਨ ਅਤੇ 200 ਤੋਂ ਵੱਧ ਮੇਲੇ ਕਰਵਾਏ ਹਨ। ਉਹ ਵਰਲਡ ਭੰਗੜਾ ਕੌਂਸਲ ਦੇ ਪ੍ਰਧਾਨ ਅਤੇ ਵੈਨਕੂਵਰ ਦੇ ਵਰਲਡ ਫੋਕ ਫੈਸਟੀਵਲ ਦੇ ਸਲਾਹਕਾਰ ਵੀ ਹਨ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਅਸ਼ਵਨੀ ਟੈਨੀ (ਅਮਰੀਕਾ), ਅਮਨਦੀਪ ਸਿੰਘ, ਯਾਸ਼ਿਕਾ ਸ਼ਰੀਨ, ਸ੍ਰੀਮਤੀ ਪੂਨਮ ਚੌਧਰੀ, ਪ੍ਰਿੰਸੀਪਲ ਡਿਸਕਵਰ ਅਬਿਲਿਟੀ ਸਕੂਲ, ਆਂਚਲ ਵਰਮਾ ਸਮੇਤ ਹੋਰ ਸਹਿਯੋਗੀ ਹਾਜ਼ਰ ਸਨ।
