ਪਟਿਆਲਾ, 18 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿੱਚ ਮੁੜ ਹੋ ਰਹੀਆਂ ਚੋਣਾਂ ਲਈ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ 60 ਹੋਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪਰਚੇ ਦਾਖ਼ਲ ਕੀਤੇ ਗਏ ਹਨ। ਇਸ ਨਾਲ ਹੁਣ ਤੱਕ ਦਾਖ਼ਲ ਕੀਤੇ ਗਏ ਪਰਚਿਆਂ ਦੀ ਗਿਣਤੀ 105 ਹੋ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੇ ਦਸਤਖ਼ਤਾਂ ਹੇਠ ਜਾਰੀ ਸੂਚਨਾ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਸਿਆਸੀ ਪਾਰਟੀ ਦੇ ਕਿਹੜੇ ਉਮੀਦਵਾਰ ਨੇ ਇਹ ਪਰਚੇ ਦਾਖ਼ਲ ਕੀਤੇ ਹਨ। 19 ਨਵੰਬਰ ਨੂੰ ਪਰਚੇ ਦਾਖ਼ਲ ਕਰਨ ਦਾ ਆਖਰੀ ਦਿਨ ਹੈ। 20 ਨਵੰਬਰ ਨੂੰ ਇਨ੍ਹਾਂ ਪਰਚਿਆਂ ਦੀ ਜਾਂਚ ਹੋਵੇਗੀ ਅਤੇ 21 ਨਵੰਬਰ ਤੱਕ ਨਾਂ ਵਾਪਸ ਲਏ ਜਾ ਸਕਣਗੇ। ਵੋਟਿੰਗ 28 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਪਟਿਆਲਾ ਦੇ 30 ਵਾਰਡਾਂ ਵਿੱਚ ਵੋਟਿੰਗ ਲਈ ਕੁੱਲ 123 ਪੋਲਿੰਗ ਬੂਥ ਬਣਾਏ ਗਏ ਹਨ।
30 ਵਾਰਡਾਂ ਦੀ ਮੁੜ ਚੋਣ ਲਈ 60 ਹੋਰ ਨਾਮਜ਼ਦਗੀ ਪਰਚੇ ਦਾਖ਼ਲ, ਕੁੱਲ ਗਿਣਤੀ 105 ਹੋਈ
