ਲੁਧਿਆਣਾ, 21 ਅਕਤੂਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਿਗਿਆਨਕ ਪੋਲਟਰੀ ਪਾਲਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ, ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਹਫ਼ਤਿਆਂ ਦਾ ‘ਮੁਰਗੀ ਪਾਲਣ ਸਿਖਲਾਈ ਪ੍ਰੋਗਰਾਮ’ ਕਰਵਾਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 50 ਸਿਖਿਆਰਥੀਆਂ ਨੇ ਸਿਖਲਾਈ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚ 47 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ।

ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪਸਾਰ ਸਿੱਖਿਆ ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਗਿਆਨ-ਆਧਾਰਿਤ ਗਿਆਨ ਦੇ ਪ੍ਰਸਾਰ, ਵਿਹਾਰਕ ਹੁਨਰ ਵਿਕਾਸ ਅਤੇ ਲੋੜ-ਆਧਾਰਿਤ ਸਿਖਲਾਈ ਪਹਿਲਕਦਮੀਆਂ ਰਾਹੀਂ ਪਸ਼ੂ ਪਾਲਕਾਂ ਨੂੰ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਪੋਲਟਰੀ ਫਾਰਮਿੰਗ ਦੀਆਂ ਵਧਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਜ਼ੋਰ ਦਿੱਤਾ ਕਿ ਇਹ ਕਾਰੋਬਾਰ ਉੱਦਮਤਾ ਅਤੇ ਰੁਜ਼ਗਾਰ ਪੈਦਾ ਕਰਨ ਦੇ ਸ਼ਾਨਦਾਰ ਮੌਕੇ ਪ੍ਰਦਾਨ ਕਰਦਾ ਹੈ।

ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਰਵਿੰਦਰ ਸਿੰਘ ਗਰੇਵਾਲ ਨੇ ਪੇਂਡੂ ਰੁਜ਼ਗਾਰ ਨੂੰ ਮਜ਼ਬੂਤ ਕਰਨ ਅਤੇ ਕਿਸਾਨ ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਸਥਿਤੀ ਸੁਧਾਰਨ ਵਿੱਚ ਪਸ਼ੂ ਪਾਲਣ ਨਾਲ ਜੁੜੇ ਕਾਰੋਬਾਰਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੋਲਟਰੀ ਫਾਰਮਿੰਗ ਨੂੰ ਰੁਜ਼ਗਾਰ ਦੇ ਸਾਧਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਰਥਿਕ ਸਸ਼ਕਤੀਕਰਨ ਦਾ ਅਹਿਮ ਜ਼ਰੀਆ ਦੱਸਿਆ, ਖ਼ਾਸ ਤੌਰ ’ਤੇ ਉਨ੍ਹਾਂ ਪੇਂਡੂ ਨੌਜਵਾਨਾਂ ਲਈ ਜੋ ਸਵੈ-ਰੁਜ਼ਗਾਰ ਦੇ ਮੌਕੇ ਤਲਾਸ਼ ਰਹੇ ਹਨ।

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਅਤੇ ਕੋਰਸ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੋਰਸ ਦੇ ਪਾਠਕ੍ਰਮ ਵਿੱਚ ਵਿਗਿਆਨਕ ਪੋਲਟਰੀ ਉਤਪਾਦਨ ਦੇ ਅਹਿਮ ਪਹਿਲੂ ਸ਼ਾਮਲ ਸਨ, ਜਿਨ੍ਹਾਂ ਵਿੱਚ ਪੋਲਟਰੀ ਸ਼ੈੱਡ, ਖੁਰਾਕ ਅਤੇ ਪੌਸ਼ਟਿਕਤਾ ਪ੍ਰਬੰਧਨ, ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ, ਜੈਵਿਕ ਸੁਰੱਖਿਆ ਉਪਾਅ, ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਰਨ ਦੀਆਂ ਰਣਨੀਤੀਆਂ ਸ਼ਾਮਲ ਸਨ। ਇਹ ਸੈਸ਼ਨ ਸਿਖਿਆਰਥੀਆਂ ਨੂੰ ਢੁੱਕਵੇਂ ਪ੍ਰਬੰਧਨ ਤਰੀਕਿਆਂ ਨਾਲ ਜਾਣੂ ਕਰਵਾਉਣ, ਉਤਪਾਦਨ ਨਾਲ ਸਬੰਧਤ ਜੋਖਮ ਘਟਾਉਣ, ਪੰਛੀਆਂ ਦੀ ਸਿਹਤ ਕਾਇਮ ਰੱਖਣ ਅਤੇ ਫਾਰਮ ਦੇ ਸਮੁੱਚੇ ਮੁਨਾਫ਼ੇ ਵਿੱਚ ਸੁਧਾਰ ਕਰਨ ਲਈ ਤਿਆਰ ਕੀਤੇ ਗਏ ਸਨ। ਪ੍ਰੋਗਰਾਮ ਦੇ ਵਿਹਾਰਕ ਪੱਖ ਨੇ ਭਾਗੀਦਾਰਾਂ ਨੂੰ ਪੋਲਟਰੀ ਫਾਰਮ ਚਲਾਉਣ ਦੀਆਂ ਰੋਜ਼ਾਨਾ ਲੋੜਾਂ ਬਾਰੇ ਬਿਹਤਰ ਸਮਝ ਹਾਸਲ ਕਰਨ ਵਿੱਚ ਮਦਦ ਕੀਤੀ।

ਵੈਂਕੀਜ਼ ਇੰਡੀਆ ਲਿਮਟਿਡ ਦੇ ਸਹਾਇਕ ਜਨਰਲ ਮੈਨੇਜਰ ਡਾ. ਹਰਪਾਲ ਸਿੰਘ ਸੋਢੀ ਨੇ ਆਧੁਨਿਕ ਵਪਾਰਕ ਪੋਲਟਰੀ ਉਤਪਾਦਨ ਬਾਰੇ ਮਾਹਿਰ ਭਾਸ਼ਣ ਦਿੱਤਾ। ਉਨ੍ਹਾਂ ਨੇ ਮੌਜੂਦਾ ਉਤਪਾਦਨ ਤਰੀਕਿਆਂ ਬਾਰੇ ਉਦਯੋਗ-ਆਧਾਰਿਤ ਵਿਚਾਰ ਸਾਂਝੇ ਕੀਤੇ ਅਤੇ ਪੋਲਟਰੀ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਨੂੰ ਉਜਾਗਰ ਕੀਤਾ।

ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ ਅਤੇ ਡਾ. ਪ੍ਰਤੀਕ ਸਿੰਘ ਵੱਲੋਂ ਕੀਤਾ ਗਿਆ, ਜਦਕਿ ਵਿਦਿਆਰਥੀ ਸੰਯੋਜਕ ਡਾ. ਨੱਲਪਤੀ ਸਾਈਂ ਅੰਜਨਾ ਨੇ ਸਹਿਯੋਗ ਦਿੱਤਾ।