ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦੇਣ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਦੇਸ਼ ਇਹ ਹੈ ਕਿ ਨੌਜਵਾਨ ਸਿਰਫ਼ ਪੜ੍ਹੇ-ਲਿਖੇ ਹੀ ਨਾ ਰਹਿ ਜਾਣ, ਸਗੋਂ ਉਹ ਅਜਿਹੇ ਹੁਨਰ ਵੀ ਸਿੱਖਣ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ। ਕਾਗਜ਼ਾਂ ’ਤੇ ਇਹ ਯਤਨ ਕਾਫ਼ੀ ਸਫਲ ਦਿਖਾਈ ਦਿੰਦਾ ਹੈ ਕਿਉਂਕਿ ਹਰ ਸਾਲ ਹਜ਼ਾਰਾਂ ਵਿਦਿਆਰਥੀ ਸਿਖਲਾਈ ਹਾਸਲ ਕਰਦੇ ਹਨ ਅਤੇ ਪ੍ਰਮਾਣ ਪੱਤਰ ਲੈਂਦੇ ਹਨ। ਪਰ ਜਦੋਂ ਅਸੀਂ ਇਸ ਨੂੰ ਜ਼ਮੀਨੀ ਹਕੀਕਤ ਨਾਲ ਜੋੜ ਕੇ ਵੇਖਦੇ ਹਾਂ ਤਾਂ ਇੱਕ ਵੱਡੀ ਗੁੰਝਲ ਸਾਹਮਣੇ ਆਉਂਦੀ ਹੈ, ਕੌਸ਼ਲ ਤਾਂ ਮਿਲ ਰਿਹਾ ਹੈ, ਪਰ ਨੌਕਰੀਆਂ ਅਜੇ ਵੀ ਘੱਟ ਹਨ।
ਵਪਾਰਕ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਉਦਯੋਗਾਂ ਨੂੰ ਅਜਿਹੇ ਕਰਮਚਾਰੀ ਚਾਹੀਦੇ ਹਨ ਜੋ ਤੁਰੰਤ ਕੰਮ ਵਿੱਚ ਯੋਗਦਾਨ ਦੇ ਸਕਣ। ਪਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਿਖਲਾਈ ਪ੍ਰਾਪਤ ਨੌਜਵਾਨਾਂ ਕੋਲ ਕਾਰਜਕਾਰੀ ਗਿਆਨ ਦੀ ਘਾਟ ਹੁੰਦੀ ਹੈ। ਇਸ ਕਾਰਨ ਕੰਪਨੀਆਂ ਨੂੰ ਉਨ੍ਹਾਂ ਨੂੰ ਮੁੜ ਸਿਖਲਾਈ ਦੇਣੀ ਹੁੰਦੀ ਹੈ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਲੱਗਦੇ ਹਨ। ਇਸ ਸਥਿਤੀ ਵਿੱਚ ਛੋਟੇ ਅਤੇ ਦਰਮਿਆਨੇ ਕਾਰੋਬਾਰ ਖ਼ਾਸ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਉਹਨਾਂ ਕੋਲ ਵਾਧੂ ਖਰਚ ਝੱਲਣ ਦੀ ਸਮਰੱਥਾ ਘੱਟ ਹੁੰਦੀ ਹੈ।
ਇਸ ਸਮੱਸਿਆ ਦਾ ਕੇਂਦਰ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੀ ਮੌਜੂਦਾ ਹਾਲਤ ਵਿੱਚ ਵੀ ਦਿਖਾਈ ਦਿੰਦਾ ਹੈ। ਕਈ ਆਈ.ਟੀ.ਆਈ. ਅਜੇ ਵੀ ਪੁਰਾਣੇ ਸਿਲੇਬਸ ਅਤੇ ਪੁਰਾਣੀ ਮਸ਼ੀਨਰੀ ਨਾਲ ਚੱਲ ਰਹੀਆਂ ਹਨ। ਵਿਦਿਆਰਥੀਆਂ ਨੂੰ ਉਹ ਮਾਹੌਲ ਨਹੀਂ ਮਿਲਦਾ ਜੋ ਅਸਲੀ ਉਦਯੋਗਾਂ ਵਿੱਚ ਹੁੰਦਾ ਹੈ। ਵਰਕਸ਼ਾਪਾਂ ਵਿੱਚ ਆਧੁਨਿਕ ਸਾਜ਼ੋ-ਸਮਾਨ ਦੀ ਕਮੀ ਹੈ, ਜਿਸ ਨਾਲ ਸਿਖਲਾਈ ਅਧੂਰੀ ਰਹਿੰਦੀ ਹੈ।
ਇਸ ਕਾਰਨ ਵਿਦਿਆਰਥੀ ਜਦੋਂ ਨੌਕਰੀ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਅਸਲੀ ਕੰਮ ਦੇ ਮਾਹੌਲ ਨਾਲ ਅਨੁਕੂਲ ਹੋਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਹਾਲਤ ਉਦਯੋਗਾਂ ਲਈ ਵੀ ਚੁਣੌਤੀ ਬਣ ਜਾਂਦੀ ਹੈ। ਉਹਨਾਂ ਨੂੰ ਤਿਆਰ ਕਰਮਚਾਰੀ ਨਹੀਂ ਮਿਲਦੇ ਅਤੇ ਉਹਨਾਂ ਨੂੰ ਨਵੀਆਂ ਭਰਤੀਆਂ ’ਤੇ ਵਾਧੂ ਸਿਖਲਾਈ ਦੇਣੀ ਹੁੰਦੀ ਹੈ। ਇਸ ਨਾਲ ਉਤਪਾਦਨ ਦੀ ਗਤੀ ਹੌਲੀ ਹੋ ਜਾਂਦੀ ਹੈ ਅਤੇ ਲਾਗਤ ਵਧ ਜਾਂਦੀ ਹੈ। ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਉਦਯੋਗ ਅਧ-ਸਿਖਲਾਈ ਪ੍ਰਾਪਤ ਮਜ਼ਦੂਰੀ ’ਤੇ ਨਿਰਭਰ ਹੋ ਜਾਂਦੇ ਹਨ, ਜਿਸ ਨਾਲ ਉਤਪਾਦ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।
ਇਸ ਪੂਰੀ ਸਥਿਤੀ ਨੂੰ ਸਿਰਫ਼ ਨੌਕਰੀਆਂ ਦੀ ਕਮੀ ਵਜੋਂ ਦੇਖਣਾ ਵੀ ਅਧੂਰਾ ਨਜ਼ਰੀਆ ਹੈ। ਅੱਜ ਦੇ ਸਮੇਂ ਵਿੱਚ ਕੌਸ਼ਲ ਸਿੱਖਣ ਦਾ ਮਤਲਬ ਸਿਰਫ਼ ਨੌਕਰੀ ਲੱਭਣਾ ਨਹੀਂ, ਸਗੋਂ ਇਹ ਆਪਣੇ ਲਈ ਰੋਜ਼ਗਾਰ ਬਣਾਉਣ ਦਾ ਵੀ ਇੱਕ ਵੱਡਾ ਮੌਕਾ ਹੈ। ਜੇਕਰ ਕੋਈ ਨੌਜਵਾਨ ਕਿਸੇ ਤਕਨੀਕੀ ਹੁਨਰ ਵਿੱਚ ਨਿਪੁੰਨ ਹੋ ਜਾਂਦਾ ਹੈ, ਜਿਵੇਂ ਕਿ ਬਿਜਲੀ ਦਾ ਕੰਮ, ਮਕੈਨਿਕ ਦਾ ਕੰਮ, ਮਸ਼ੀਨ ਚਲਾਉਣਾ ਜਾਂ ਮੁਰੰਮਤ, ਤਾਂ ਉਹ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ।
ਇਹ ਸੋਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਨੌਕਰੀਆਂ ਦੀ ਗਿਣਤੀ ਹਮੇਸ਼ਾਂ ਸੀਮਿਤ ਰਹੇਗੀ, ਪਰ ਕਾਰੋਬਾਰ ਦੇ ਮੌਕੇ ਬੇਅੰਤ ਹੋ ਸਕਦੇ ਹਨ। ਇੱਕ ਨੌਜਵਾਨ ਜੋ ਆਪਣੇ ਹੁਨਰ ਦੇ ਆਧਾਰ ’ਤੇ ਆਪਣਾ ਕੰਮ ਸ਼ੁਰੂ ਕਰਦਾ ਹੈ, ਉਹ ਨਾ ਸਿਰਫ਼ ਆਪਣੇ ਲਈ ਰੋਜ਼ਗਾਰ ਪੈਦਾ ਕਰਦਾ ਹੈ, ਸਗੋਂ ਹੋਰ ਲੋਕਾਂ ਲਈ ਵੀ ਮੌਕੇ ਬਣਾਉਂਦਾ ਹੈ। ਇਸ ਤਰ੍ਹਾਂ ਕੌਸ਼ਲ ਸਿੱਖਲਾਈ ਨੂੰ ਸਿਰਫ਼ ਨੌਕਰੀ ਦੇ ਨਜ਼ਰੀਏ ਨਾਲ ਨਹੀਂ, ਸਗੋਂ ਸਵਰੋਜ਼ਗਾਰ ਦੇ ਮੌਕੇ ਵਜੋਂ ਵੀ ਦੇਖਣਾ ਚਾਹੀਦਾ ਹੈ।
ਵਪਾਰਕ ਪੱਖੋਂ ਵੀ ਇਹ ਸੋਚ ਲਾਭਦਾਇਕ ਹੈ। ਛੋਟੇ-ਛੋਟੇ ਕਾਰੋਬਾਰ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹਨ। ਜਦੋਂ ਸਥਾਨਕ ਪੱਧਰ ’ਤੇ ਸੇਵਾਵਾਂ ਅਤੇ ਉਤਪਾਦ ਉਪਲਬਧ ਹੁੰਦੇ ਹਨ, ਤਾਂ ਵੱਡੇ ਸ਼ਹਿਰਾਂ ’ਤੇ ਨਿਰਭਰਤਾ ਘਟਦੀ ਹੈ ਅਤੇ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਵੀ ਆਰਥਿਕ ਗਤੀਵਿਧੀ ਵਧਦੀ ਹੈ। ਇਸ ਸੰਦਰਭ ਵਿੱਚ ਇਹ ਵੀ ਜ਼ਰੂਰੀ ਹੈ ਕਿ ਆਈ.ਟੀ.ਆਈ. ਅਤੇ ਹੋਰ ਸਿਖਲਾਈ ਸੰਸਥਾਵਾਂ ਨੌਜਵਾਨਾਂ ਨੂੰ ਸਿਰਫ਼ ਤਕਨੀਕੀ ਹੁਨਰ ਹੀ ਨਾ ਸਿਖਾਉਣ, ਸਗੋਂ ਉਨ੍ਹਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੀ ਬੁਨਿਆਦੀ ਸਮਝ ਵੀ ਦੇਣ। ਜਿਵੇਂ ਕਿ ਗਾਹਕਾਂ ਨਾਲ ਵਤੀਰਾ, ਖਰਚਾਂ ਦਾ ਪ੍ਰਬੰਧ, ਅਤੇ ਛੋਟੇ ਪੱਧਰ ’ਤੇ ਕਾਰੋਬਾਰ ਚਲਾਉਣ ਦੇ ਤਰੀਕੇ।
ਇਸ ਨਾਲ ਨੌਜਵਾਨਾਂ ਨੂੰ ਨੌਕਰੀ ਦੀ ਉਡੀਕ ਕਰਨ ਦੀ ਬਜਾਏ ਖੁਦ ਮੌਕੇ ਬਣਾਉਣ ਦੀ ਹਿੰਮਤ ਮਿਲੇਗੀ। ਇਸ ਤੋਂ ਇਲਾਵਾ, ਉਦਯੋਗਾਂ ਅਤੇ ਸਿਖਲਾਈ ਸੰਸਥਾਵਾਂ ਦੇ ਵਿਚਕਾਰ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਜੇਕਰ ਉਦਯੋਗ ਸਿਲੇਬਸ ਤਿਆਰ ਕਰਨ ਵਿੱਚ ਭਾਗ ਲੈਂਦੇ ਹਨ ਅਤੇ ਵਿਦਿਆਰਥੀਆਂ ਨੂੰ ਅਸਲੀ ਕੰਮਕਾਜ ਦਾ ਤਜਰਬਾ ਦਿੰਦੇ ਹਨ, ਤਾਂ ਸਿਖਲਾਈ ਦੀ ਗੁਣਵੱਤਾ ਵਿੱਚ ਸੁਧਾਰ ਆ ਸਕਦਾ ਹੈ। ਨਾਲ ਹੀ, ਆਈ.ਟੀ.ਆਈ. ਦੇ ਢਾਂਚੇ ਨੂੰ ਆਧੁਨਿਕ ਬਣਾਉਣਾ ਵੀ ਲਾਜ਼ਮੀ ਹੈ, ਤਾਂਕਿ ਵਿਦਿਆਰਥੀ ਅਜਿਹੇ ਮਾਹੌਲ ਵਿੱਚ ਸਿੱਖ ਸਕਣ ਜੋ ਅਸਲ ਉਦਯੋਗਾਂ ਨਾਲ ਮੇਲ ਖਾਂਦਾ ਹੋਵੇ।
ਕੌਸ਼ਲ ਵਿਕਾਸ ਦੀ ਸਫਲਤਾ ਨੂੰ ਸਿਰਫ਼ ਪ੍ਰਮਾਣ ਪੱਤਰਾਂ ਦੀ ਗਿਣਤੀ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ। ਅਸਲ ਸਫਲਤਾ ਇਹ ਹੈ ਕਿ ਨੌਜਵਾਨਾਂ ਨੂੰ ਮਾਣਯੋਗ ਰੋਜ਼ਗਾਰ ਮਿਲੇ ਜਾਂ ਉਹ ਆਪਣੇ ਹੁਨਰ ਦੇ ਆਧਾਰ ’ਤੇ ਆਪਣਾ ਕਾਰੋਬਾਰ ਖੜ੍ਹਾ ਕਰ ਸਕਣ। ਜਦੋਂ ਤੱਕ ਸਿਖਲਾਈ ਪ੍ਰਣਾਲੀ ਨੂੰ ਅਸਲੀ ਜ਼ਰੂਰਤਾਂ ਨਾਲ ਨਹੀਂ ਜੋੜਿਆ ਜਾਂਦਾ ਅਤੇ ਨੌਜਵਾਨਾਂ ਨੂੰ ਸਵਰੋਜ਼ਗਾਰ ਵੱਲ ਪ੍ਰੇਰਿਤ ਨਹੀਂ ਕੀਤਾ ਜਾਂਦਾ, ਤਦ ਤੱਕ ਕੌਸ਼ਲ ਵਿਕਾਸ ਦੀ ਸੋਚ ਅਧੂਰੀ ਰਹੇਗੀ। ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀ ਪੈਦਾ ਕਰਨ ਵਾਲੇ ਬਣਾਈਏ। ਤਦ ਹੀ ਕੌਸ਼ਲ ਸੱਚਮੁੱਚ ਤਾਕਤ ਬਣੇਗਾ ਅਤੇ ਦੇਸ਼ ਦੀ ਆਰਥਿਕ ਤਰੱਕੀ ਨੂੰ ਨਵੀਂ ਦਿਸ਼ਾ ਮਿਲੇਗੀ।
- ਦਵਿੰਦਰ ਕੁਮਾਰ
