ਪਰਿਵਾਰ ਮਨੁੱਖੀ ਜੀਵਨ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਸੰਸਥਾ ਹੁੰਦੀ ਹੈ। ਇੱਥੇ ਹੀ ਮਨੁੱਖ ਪਿਆਰ, ਸਹਿਯੋਗ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੇ ਅਰਥ ਸਿੱਖਦਾ ਹੈ। ਪਰਿਵਾਰਕ ਰਿਸ਼ਤੇ ਸਿਰਫ਼ ਇਕੱਠੇ ਰਹਿਣ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਮਨੁੱਖ ਦੇ ਮਿਜ਼ਾਜ, ਸੋਚ ਅਤੇ ਵਿਅਕਤੀਤਵ ਨੂੰ ਗਢਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮੇਂ ਦੇ ਨਾਲ ਇਹ ਰਿਸ਼ਤੇ ਬਦਲਦੇ ਵੀ ਰਹਿੰਦੇ ਹਨ। ਪਿਛਲੀਆਂ ਪੀੜ੍ਹੀਆਂ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਨੂੰ ਵੇਖਿਆ ਜਾਵੇ ਤਾਂ ਪਰਿਵਾਰਕ ਰਿਸ਼ਤਿਆਂ ਦੇ ਤਰੀਕਿਆਂ, ਉਮੀਦਾਂ ਅਤੇ ਭੂਮਿਕਾਵਾਂ ਵਿੱਚ ਕਈ ਤਬਦੀਲੀਆਂ ਹੋਈਆਂ ਹਨ।
ਜਦੋਂ ਸੰਯੁਕਤ ਪਰਿਵਾਰ ਆਮ ਹੁੰਦੇ ਸਨ, ਤਦ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਅਤੇ ਜੀਵਨ ਦੇ ਜ਼ਿਆਦਾਤਰ ਪਲ ਸਾਂਝੇ ਕਰਦੇ ਸਨ। ਦਾਦਾ-ਦਾਦੀ, ਮਾਪੇ, ਬੱਚੇ ਅਤੇ ਹੋਰ ਰਿਸ਼ਤੇਦਾਰ ਇਕੋ ਘਰ ਵਿੱਚ ਰਹਿੰਦੇ ਸਨ। ਇਸ ਤਰ੍ਹਾਂ ਦੇ ਪਰਿਵਾਰਾਂ ਵਿੱਚ ਰਿਸ਼ਤਿਆਂ ਦੀ ਨੀਂਹ ਸਾਂਝੇ ਜੀਵਨ ਅਤੇ ਪਰਸਪਰ ਨਿਰਭਰਤਾ ’ਤੇ ਟਿਕੀ ਹੁੰਦੀ ਸੀ। ਵੱਡੇ ਜੀਅ ਅਨੁਭਵ ਦੇ ਆਧਾਰ ’ਤੇ ਘਰ ਦੇ ਫ਼ੈਸਲੇ ਕਰਦੇ ਅਤੇ ਛੋਟੇ ਮੈਂਬਰ ਉਨ੍ਹਾਂ ਤੋਂ ਸਿੱਖਦੇ ਸਨ। ਉਸ ਸਮੇਂ ਪਰਿਵਾਰ ਦੇ ਅੰਦਰ ਕੁਝ ਉਮੀਦਾਂ ਸਪਸ਼ਟ ਹੁੰਦੀਆਂ ਸਨ। ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਪਰਿਵਾਰ ਦੀ ਸੁਰੱਖਿਆ ਅਤੇ ਭਵਿੱਖ ਦੀ ਜ਼ਿੰਮੇਵਾਰੀ ਸੰਭਾਲਣ। ਬੱਚਿਆਂ ਤੋਂ ਉਮੀਦ ਹੁੰਦੀ ਸੀ ਕਿ ਉਹ ਪੜ੍ਹਾਈ ਵਿੱਚ ਮਨ ਲਗਾਉਣ, ਵੱਡਿਆਂ ਦੀ ਇੱਜ਼ਤ ਕਰਨ ਅਤੇ ਘਰ ਦੀਆਂ ਪਰੰਪਰਾਵਾਂ ਨੂੰ ਜਾਰੀ ਰੱਖਣ।
 ਵੱਡਿਆਂ ਦੀ ਸਲਾਹ ਨੂੰ ਮਹੱਤਵ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦਾ ਤਜਰਬਾ ਪਰਿਵਾਰ ਨੂੰ ਸਹੀ ਦਿਸ਼ਾ ਦਿੰਦਾ ਸੀ। ਉਮੀਦਾਂ ਕਈ ਵਾਰ ਅਨੁਸ਼ਾਸਨ ਦਾ ਰੂਪ ਵੀ ਲੈਂਦੀਆਂ ਸਨ, ਪਰ ਉਨ੍ਹਾਂ ਦੇ ਪਿੱਛੇ ਇੱਕ ਮਕਸਦ ਹੁੰਦਾ ਸੀ, ਪਰਿਵਾਰ ਨੂੰ ਇਕੱਠਾ ਰੱਖਣਾ ਅਤੇ ਹਰ ਮੈਂਬਰ ਨੂੰ ਜੀਵਨ ਦੇ ਮੁੱਢਲੇ ਸਿਧਾਂਤ ਨਾਲ ਜੋੜਨਾ। ਇਸ ਮਾਹੌਲ ਵਿੱਚ ਬੱਚੇ ਸਿਰਫ਼ ਮਾਪਿਆਂ ਤੋਂ ਹੀ ਨਹੀਂ, ਸਗੋਂ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਤੋਂ ਵੀ ਜੀਵਨ ਦੇ ਅਨੁਭਵ ਸਿੱਖਦੇ ਸਨ। ਇਹੀ ਮਾਹੌਲ ਉਨ੍ਹਾਂ ਦੇ ਵਿਅਕਤੀਤਵ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ।
ਪਰ ਜਿਵੇਂ-ਜਿਵੇਂ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਆਈਆਂ, ਪਰਿਵਾਰਕ ਜੀਵਨ ਦਾ ਰੂਪ ਵੀ ਹੌਲੀ-ਹੌਲੀ ਬਦਲਣ ਲੱਗਾ। ਪੜ੍ਹਾਈ ਅਤੇ ਨੌਕਰੀ ਦੇ ਮੌਕਿਆਂ ਨੇ ਲੋਕਾਂ ਨੂੰ ਵੱਡੇ ਸ਼ਹਿਰਾਂ ਵੱਲ ਖਿੱਚਿਆ। ਇਸ ਨਾਲ ਸੰਯੁਕਤ ਪਰਿਵਾਰਾਂ ਦੀ ਥਾਂ ਛੋਟੇ ਪਰਿਵਾਰਾਂ ਨੇ ਲੈਣੀ ਸ਼ੁਰੂ ਕਰ ਦਿੱਤੀ। ਛੋਟੇ ਪਰਿਵਾਰਾਂ ਵਿੱਚ ਮਾਪੇ ਅਤੇ ਬੱਚੇ ਹੀ ਮੁੱਖ ਤੌਰ ’ਤੇ ਇਕੱਠੇ, ਜਦਕਿ ਹੋਰ ਰਿਸ਼ਤੇਦਾਰ ਦੂਰ ਰਹਿਣ ਲੱਗੇ। ਇਸ ਤਬਦੀਲੀ ਨਾਲ ਪਰਿਵਾਰ ਦੇ ਅੰਦਰ ਉਮੀਦਾਂ ਦਾ ਰੂਪ ਵੀ ਬਦਲਿਆ। ਹੁਣ ਬੱਚਿਆਂ ਦੀ ਰਾਇ ਵੀ ਸੁਣੀ ਜਾਣ ਲੱਗੀ। ਪੜ੍ਹਾਈ, ਕਰੀਅਰ ਅਤੇ ਜੀਵਨ ਦੇ ਹੋਰ ਚੋਣਾਂ ਵਿੱਚ ਨੌਜਵਾਨਾਂ ਨੂੰ ਵਧੇਰੇ ਵਿਕਲਪ ਮਿਲਣ ਲੱਗੇ। ਮਾਪੇ ਵੀ ਇਹ ਸਮਝਣ ਲੱਗੇ ਕਿ ਹਰ ਬੱਚੇ ਦੀ ਆਪਣੀ ਯੋਗਤਾ ਅਤੇ ਰੁਚੀ ਹੁੰਦੀ ਹੈ।
ਅੱਜ ਦੇ ਸਮੇਂ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਸਥਿਤੀ ਹੋਰ ਵੀ ਬਹੁ-ਪੱਖੀ ਦਿਖਾਈ ਦਿੰਦੀ ਹੈ। ਸ਼ਹਿਰੀ ਜੀਵਨ, ਵਿਦੇਸ਼ੀ ਮੌਕੇ ਅਤੇ ਤਕਨਾਲੋਜੀ ਦੇ ਪ੍ਰਭਾਵ ਨੇ ਪਰਿਵਾਰਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਕਈ ਵਾਰ ਪਰਿਵਾਰ ਦੇ ਮੈਂਬਰ ਵੱਖ-ਵੱਖ ਸ਼ਹਿਰਾਂ ਜਾਂ ਦੇਸ਼ਾਂ ਵਿੱਚ ਰਹਿੰਦੇ ਹਨ, ਪਰ ਫਿਰ ਵੀ ਤਕਨਾਲੋਜੀ ਰਾਹੀਂ ਜੁੜੇ ਰਹਿੰਦੇ ਹਨ। ਇਸ ਨਾਲ ਪਰਿਵਾਰ ਦੇ ਅੰਦਰ ਉਮੀਦਾਂ ਦੀ ਸਮਝ ਵੀ ਬਦਲ ਰਹੀ ਹੈ। ਉਦਾਹਰਨ ਵਜੋਂ, ਮਾਪਿਆਂ ਦੀ ਇਹ ਉਮੀਦ ਕਿ ਬੱਚੇ ਪੜ੍ਹਾਈ ਕਰਨ ਅਤੇ ਆਪਣੇ ਭਵਿੱਖ ਲਈ ਮਿਹਨਤ ਕਰਨ, ਆਮ ਤੌਰ ’ਤੇ ਉਨ੍ਹਾਂ ਦੇ ਵਿਕਾਸ ਲਈ ਹੁੰਦੀ ਹੈ। ਪਰ ਉਮੀਦਾਂ ਦੇ ਨਾਲ ਸਮਝ ਅਤੇ ਗੱਲਬਾਤ ਵੀ ਜ਼ਰੂਰੀ ਹੈ। 
ਇਸੇ ਤਰ੍ਹਾਂ ਬੱਚਿਆਂ ਦੀ ਵੀ ਆਪਣੇ ਮਾਪਿਆਂ ਤੋਂ ਕੁਝ ਉਮੀਦਾਂ ਹੁੰਦੀਆਂ ਹਨ, ਜਿਵੇਂ ਸਹਿਯੋਗ ਅਤੇ ਭਰੋਸਾ। ਜਦੋਂ ਪਰਿਵਾਰ ਦੇ ਜੀਅ ਇਕ ਦੂਜੇ ਦੀਆਂ ਉਮੀਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ। ਘਰ ਦੇ ਕੰਮਾਂ ਵਿੱਚ ਸਹਿਭਾਗੀ ਬਣਨਾ, ਵੱਡਿਆਂ ਦੀ ਇੱਜ਼ਤ ਕਰਨੀ, ਛੋਟਿਆਂ ਦਾ ਖ਼ਿਆਲ ਰੱਖਣਾ, ਇਹ ਸਾਰੀਆਂ ਗੱਲਾਂ ਸਿਰਫ਼ ਨਿਯਮ ਨਹੀਂ ਹੁੰਦੀਆਂ, ਸਗੋਂ ਜੀਵਨ ਦੇ ਮੁਢਲੇ ਮੁੱਲ ਹਨ। ਪਹਿਲਾਂ ਦੇ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਦੀ ਸਾਂਝੀ ਜ਼ਿੰਮੇਵਾਰੀ ਅਤੇ ਅੱਜ ਦੇ ਸਮੇਂ ਵਿੱਚ ਵਿਅਕਤੀਗਤ ਚੋਣਾਂ ਨੂੰ ਵੀ ਮਹੱਤਵ, ਇਹ ਤਬਦੀਲੀਆਂ ਤਜਰਬਿਆਂ ਅਤੇ ਹਾਲਾਤਾਂ ਦੇ ਅਨੁਸਾਰ ਹਨ।
ਪਰਿਵਾਰ ਉਹ ਥਾਂ ਹੈ ਜਿੱਥੇ ਮਨੁੱਖ ਆਪਣੀ ਪਹਿਚਾਣ, ਪਿਆਰ ਅਤੇ ਸਹਾਰਾ ਲੱਭਦਾ ਹੈ। ਜੀਵਨ ਦੀ ਸ਼ੁਰੂਆਤ ਤੋਂ ਹੀ ਪਰਿਵਾਰ ਮਨੁੱਖ ਦੇ ਵਿਅਕਤੀਤਵ ਦੀ ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਬੱਚਾ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਹੀ ਬੋਲਣਾ, ਸੁਣਨਾ, ਸਮਝਣਾ ਅਤੇ ਰਿਸ਼ਤਿਆਂ ਦੀ ਗਰਮੀ ਮਹਿਸੂਸ ਕਰਦਾ ਹੈ। ਮਾਪਿਆਂ, ਦਾਦਾ-ਦਾਦੀ ਜਾਂ ਹੋਰ ਪਰਿਵਾਰਕ ਮੈਂਬਰਾਂ ਨਾਲ ਗੁਜ਼ਾਰੇ ਪਲ ਉਸਦੇ ਮਨ ਵਿੱਚ ਅਜਿਹੇ ਸੰਸਕਾਰ ਪੈਦਾ ਕਰਦੇ ਹਨ ਜੋ ਉਸਦੇ ਸਾਰੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। 
ਪੁਰਾਣੇ ਸਮਿਆਂ ਦੇ ਸਾਂਝੇ ਪਰਿਵਾਰ ਹੋਣ ਜਾਂ ਅੱਜ ਦੇ ਛੋਟੇ ਪਰਿਵਾਰ, ਹਰ ਪਰਿਵਾਰ ਦੇ ਆਪਣੇ ਢੰਗ ਹੁੰਦੇ ਹਨ ਜਿਨ੍ਹਾਂ ਰਾਹੀਂ ਉਹ ਰਿਸ਼ਤਿਆਂ ਨੂੰ ਸਾਂਭਦਾ ਹੈ, ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਰਿਵਾਰਕ ਧਾਰਨਾਵਾਂ ਸਮੇਂ ਦੀ ਕਸੌਟੀ ’ਤੇ ਪਰਖੀਆਂ ਹਨ ਅਤੇ ਬਦਲਦੇ ਸਮਿਆਂ ਦੇ ਨਾਲ ਨਿਰੰਤਰ ਵਿਕਸਤ ਹੁੰਦੀਆਂ ਰਹੀਆਂ ਹਨ ਅਤੇ ਭਵਿੱਖ ਵਿਚ ਵੀ ਹੋਣਗੀਆਂ।

- ਦਵਿੰਦਰ ਕੁਮਾਰ