
ਆਪ ਸਰਕਾਰ ਨੇ 2023 ਵਿੱਚ ਆਏ ਹੜ੍ਹਾਂ ਤੋਂ ਨਹੀਂ ਲਿਆ ਕੋਈ ਸਬਕ - ਪ੍ਰੇਮ ਸਿੰਘ ਚੰਦੂਮਾਜਰਾ
ਘਨੌਰ, 4 ਸਤੰਬਰ- ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਆਪ ਸਰਕਾਰ ਨੇ 2023 ਵਿੱਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਘਨੌਰ, 4 ਸਤੰਬਰ- ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਆਪ ਸਰਕਾਰ ਨੇ 2023 ਵਿੱਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਘਨੌਰ ਦੇ ਪਿੰਡ ਸਰਾਲਾ, ਕਮਾਲਪੁਰ ਤੇ ਲਾਛੜੂ ਖੁਰਦ ਦੇ ਦੌਰੇ ਦੌਰਾਨ ਪਿੰਡ ਲਾਛੜੂ ਖੁਰਦ, ਗੁਰਦੁਆਰਾ ਭਗਤ ਧੰਨਾ ਜੀ ਨੇੜੇ ਘੱਗਰ ਦਰਿਆ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀ ਮਦਦ ਲਈ ਪਹੁੰਚੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 2023 ਵਿੱਚ ਵੀ ਘਨੌਰ ਹਲਕੇ ਨੂੰ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਨੇ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਤੇ ਨਾ ਹੀ ਬੀਤੇ ਸਮੇਂ ਤੋਂ ਕੋਈ ਸਬਕ ਲਿਆ। ਇਹਨਾਂ ਹਾਲਾਤਾਂ ਨਾਲ ਲੜਨ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ੍ਹ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਪਿਛਲੀ ਵਾਰ ਬਹੁਤ ਵੱਡੇ-ਵੱਡੇ ਪਾੜ ਪਏ ਸਨ, ਉਸ ਥਾਂ 'ਤੇ ਬਚਾਅ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਪਿੰਡ ਸਰਾਲਾ ਨੇੜੇ ਨਰਵਾਣਾ ਬ੍ਰਾਂਚ ਨਹਿਰ ਵਿੱਚ 100 ਫੁੱਟ ਚੌੜਾ ਪਾੜ ਪੈਣ ਕਾਰਨ ਘੱਗਰ ਦਰਿਆ ਦਾ ਪਾਣੀ ਨਰਵਾਣਾ ਨਹਿਰ ਵਿੱਚ ਆ ਗਿਆ ਹੈ, ਜਿਸ ਦੇ ਨਾਲ ਘਨੌਰ-ਅੰਬਾਲਾ ਸੜਕ ਮਾਰਗ ਦੀਆਂ ਸਾਈਡਾਂ ਵੀ ਖੁਰ ਰਹੀਆਂ ਹਨ।
ਗੁਰਦੁਆਰਾ ਭਗਤ ਧੰਨਾ ਜੀ ਨੇੜੇ ਪੁਲ ਤੋਂ ਘੱਗਰ ਦਾ ਪਾਣੀ ਬਹੁਤ ਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਵੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੋ ਲਾਪਰਵਾਹੀ ਵਰਤੀ ਗਈ, ਉਸ ਦੀ ਅੱਜ ਮੂੰਹ ਬੋਲਦੀ ਤਸਵੀਰ ਕਾਮੀ ਖੁਰਦ, ਚਮਾਰੂ, ਸਰਾਲਾ ਵਿੱਚ ਦੇਖਣ ਨੂੰ ਮਿਲੀ ਹੈ।
ਹੜ੍ਹਾਂ ਦੇ ਪਾਣੀ ਨਾਲ ਬਹੁਤ ਨੁਕਸਾਨ ਹੋ ਚੁੱਕਿਆ ਹੈ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਐਸ ਜੀ ਪੀ ਸੀ ਮੈਂਬਰ ਜਸਮੇਰ ਸਿੰਘ ਲਾਛੜੂ, ਸ਼੍ਰੋਮਣੀ ਅਕਾਲੀ ਦਲ ਦੇ ਘਨੌਰ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਲਾਲ ਸਿੰਘ ਮਾਰਦਪੁਰ, ਕੁਲਦੀਪ ਸਿੰਘ ਢੰਡਾ, ਬਰਿੰਦਰ ਸਿੰਘ ਬਿੱਟੂ ਪ੍ਰਧਾਨ, ਗੁਰਦੀਪ ਕਾਮੀ, ਜੰਗ ਸਿੰਘ ਰੁੜਕਾ, ਪਿੰਦਰ ਸਿੰਘ ਮਹਿਦੁਦ, ਬਿੰਦਰ ਅੰਟਾਲ, ਅਮਰੀਕ ਸਿੰਘ ਲੋਚਮ, ਬਹਾਦਰ ਸਿੰਘ, ਧੰਨਾ ਸਿੰਘ ਹਰਪਾਲ ਆਦਿ ਮੌਜੂਦ ਸਨ।
