ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦਾ ਦੌਰਾ

ਲੁਧਿਆਣਾ 14 ਦਸੰਬਰ 2024: ਸ਼੍ਰੀ ਰਾਹੁਲ ਭੰਡਾਰੀ, ਆਈ ਏ ਐਸ, ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ, ਪੰਜਾਬ ਸਰਕਾਰ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ।

ਲੁਧਿਆਣਾ 14 ਦਸੰਬਰ 2024: ਸ਼੍ਰੀ ਰਾਹੁਲ ਭੰਡਾਰੀ, ਆਈ ਏ ਐਸ, ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ, ਪੰਜਾਬ ਸਰਕਾਰ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਉਨ੍ਹਾਂ ਨੂੰ ਕੈਂਪਸ ਵਿੱਚ ਸਥਿਤ ਵੱਖ-ਵੱਖ ਕਾਲਜਾਂ, ਫਾਰਮਾਂ ਅਤੇ ਹੋਰ ਬੁਨਿਆਦੀ ਢਾਂਚਾਗਤ ਸਹੂਲਤਾਂ ਦਾ ਦੌਰਾ ਕਰਵਾਇਆ। ਪਸ਼ੂ ਹਸਪਤਾਲ ਵਿਖੇ ਸ਼੍ਰੀ ਭੰਡਾਰੀ ਨੂੰ ਉੱਨਤ ਇਲਾਜ ਸਹੂਲਤਾਂ ਜਿਸ ਵਿੱਚ ਡਾਇਲਸਿਸ ਯੂਨਿਟ, ਪ੍ਰਯੋਗਸ਼ਾਲਾਵਾਂ, ਨਿਰੀਖਣ ਸਹੂਲਤਾਂ, ਕਿਸਾਨ ਸੂਚਨਾ ਕੇਂਦਰ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਸਾਹਿਤ ਬਾਰੇ ਜਾਣੂ ਕਰਵਾਇਆ ਗਿਆ। 
ਡੇਅਰੀ ਫਾਰਮ ਵਿਖੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਉੱਤਮ ਪਸ਼ੂ, ਉਨ੍ਹਾਂ ਦਾ ਪ੍ਰਬੰਧਨ, ਜਲਵਾਯੂ ਅਨੁਕੂਲ ਸ਼ੈਡਾਂ ਅਤੇ ਭਰੂਣ ਤਬਾਦਲਾ ਵਿਧੀ ਨਾਲ ਨਸਲ ਸੁਧਾਰ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਦੱਸਿਆ ਗਿਆ। ਪ੍ਰਮੁੱਖ ਸਕੱਤਰ ਨੇ ਮੱਛੀ ਪਾਲਣ ਵਿੱਚ ਰੀਸਰਕੁਲੇਟਰੀ ਮੱਛੀ ਪਾਲਣ ਵਿਧੀਆਂ ਅਤੇ ਬਾਇਓਫਲਾਕ ਢੰਗ ਬਾਰੇ ਜਾਨਣ ਵਿੱਚ ਕਾਫੀ ਰੁਚੀ ਵਿਖਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧੀਆਂ ਨਾਲ ਅਸੀਂ ਜ਼ਮੀਨ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ ਵਿੱਚ ਨਿੱਗਰ ਯੋਗਦਾਨ ਪਾ ਸਕਦੇ ਹਾਂ। 
ਉਨ੍ਹਾਂ ਨੇ ਸਟੈਮ ਸੈਲ ਥੈਰੇਪੀ ਅਤੇ ਟਿਊਮਰ ਦੇ ਇਲਾਜ ਲਈ ਨਵੀਨਕਾਰੀ ਖੋਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬਰੂਸੀਲੋਸਿਸ ਵਰਗੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਸਰਕਾਰੀ ਨੀਤੀ ਵਿਕਸਿਤ ਕਰਨ ਹਿਤ ਯੂਨੀਵਰਸਿਟੀ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ।
ਪ੍ਰਮੁੱਖ ਸਕੱਤਰ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿੱਚ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਯੂਨੀਵਰਸਿਟੀ ਦੀਆਂ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਭੰਡਾਰੀ ਨੇ ਚੱਲ ਰਹੀਆਂ ਖੋਜ ਗਤੀਵਿਧੀਆਂ ਅਤੇ ਕਿਸਾਨਾਂ ਨੂੰ ਦਿੱਤੇ ਜਾਂਦੇ ਲਾਭਾਂ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਿੰਡਾਂ ਨੂੰ ਅਪਨਾਉਣ ਅਤੇ ਕਿਸਾਨ-ਮੁਖੀ ਖੋਜ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਹਾਸ਼ੀਆਗਤ ਵਰਗ ਨੂੰ ਉੱਚਾ ਚੁੱਕਣ ਦੀ ਅਪੀਲ ਕੀਤੀ।
 ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੱਕਰੀ ਪਾਲਣ ਦੀ ਸਿਖਲਾਈ ਅਤੇ ਬੱਕਰੀ ਉਤਪਾਦਾਂ ਦੀ ਪ੍ਰਾਸੈਸਿੰਗ ਕਰਕੇ ਵਧੇਰੇ ਮੁਨਾਫ਼ਾ ਲੈਣ ਸੰਬੰਧੀ ਯੂਨੀਵਰਸਿਟੀ ਨੂੰ ਰਾਹ-ਦਸੇਰਾ ਬਣਨਾ ਚਾਹੀਦਾ ਹੈ। ਸ਼੍ਰੀ ਭੰਡਾਰੀ ਨੇ ਯੂਨੀਵਰਸਿਟੀ ਦੇ ਲਟਕਦੇ ਆ ਰਹੇ ਮਸਲਿਆਂ ਨੂੰ ਵੀ ਠਰ੍ਹੰਮੇ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।