ਪਾਕਿਸਤਾਨ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲਾ ਮੁਲਕ, ਕੁੱਲ ਆਲਮ ਅੱਖਾਂ ਮੀਟ ਕੇ ਨਹੀਂ ਰੱਖ ਸਕਦਾ: ਭਾਰਤ

ਨਵੀਂ ਦਿੱਲੀ, 29 ਅਪਰੈਲ- ਭਾਰਤ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਪਾਕਿਸਤਾਨ ਨੂੰ ਘੇਰਿਆ। ਇਸ ਹਮਲੇ ਵਿਚ 26 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਾ ਮੁਲਕ’ ਹੈ, ਜੋ ਆਲਮੀ ਅਤਿਵਾਦ ਨੂੰ ਹਵਾ ਦੇਣ ਦੇ ਨਾਲ ਖੇਤਰ ਵਿਚ ਅਸਥਿਰਤਾ ਨੂੰ ਭੜਕਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਆਲਮ ਹੁਣ ਅੱਖਾਂ ਮੀਟ ਕੇ ਨਹੀਂ ਰੱਖ ਸਕਦਾ।

ਨਵੀਂ ਦਿੱਲੀ, 29 ਅਪਰੈਲ- ਭਾਰਤ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਪਾਕਿਸਤਾਨ ਨੂੰ ਘੇਰਿਆ। ਇਸ ਹਮਲੇ ਵਿਚ 26 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਾ ਮੁਲਕ’ ਹੈ, ਜੋ ਆਲਮੀ ਅਤਿਵਾਦ ਨੂੰ ਹਵਾ ਦੇਣ ਦੇ ਨਾਲ ਖੇਤਰ ਵਿਚ ਅਸਥਿਰਤਾ ਨੂੰ ਭੜਕਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਆਲਮ ਹੁਣ ਅੱਖਾਂ ਮੀਟ ਕੇ ਨਹੀਂ ਰੱਖ ਸਕਦਾ।
ਯੂਐੱਨ ਵਿੱਚ ਅਤਿਵਾਦ ਪੀੜਤ ਐਸੋਸੀਏਸ਼ਨ ਨੈੱਟਵਰਕ (VoTAN) ਦੇ ਉਦਘਾਟਨ ਮੌਕੇ ਪਾਕਿਸਤਾਨੀ ਵਫ਼ਦ ਦੇ ਬਿਆਨ ਤੋਂ ਬਾਅਦ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਉਪ ਸਥਾਈ ਪ੍ਰਤੀਨਿਧੀ ਤੇ ਰਾਜਦੂਤ ਯੋਜਨਾ ਪਟੇਲ ਨੇ ਜ਼ੋਰ ਦੇ ਕੇ ਕਿਹਾ ਕਿ ਕੁੱਲ ਆਲਮ ਹੁਣ ਪਾਕਿਸਤਾਨ ਵੱਲੋਂ ਅਤਿਵਾਦ ਦੀ ਕੀਤੀ ਜਾਂਦੀ ਹਮਾਇਤ ਨੂੰ ਲੈ ਕੇ ਅੱਖਾਂ ਨਹੀਂ ਮੀਟ ਸਕਦਾ। ਪਟੇਲ ਨੇ ਇਸ ਮੁੱਦੇ ’ਤੇ ਭਾਰਤ ਦੇ ਕੇਸ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਹਾਲੀਆ ਇੰਟਰਵਿਊ ਦਾ ਵੀ ਜ਼ਿਕਰ ਕੀਤਾ। ਖਵਾਜਾ ਨੇ ਇਸ ਇੰਟਰਵਿਊ ਵਿਚ ਭਾਰਤ ਵਿਰੁੱਧ ਦਹਿਸ਼ਤੀ ਸਮੂਹਾਂ ਦੀ ਹਮਾਇਤ ਕਰਨ ਦੀ ਗੱਲ ਵੀ ਸਵੀਕਾਰ ਕੀਤੀ ਸੀ।
ਪਟੇਲ ਨੇ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ ਇੱਕ ਖਾਸ ਵਫ਼ਦ ਨੇ ਭਾਰਤ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣ ਤੇ ਪ੍ਰਾਪੇਗੰਢੇ ਲਈ ਇਸ ਮੰਚ ਦੀ ਦੁਰਵਰਤੋਂ ਕੀਤੀ ਹੈ। ਪੂਰੀ ਦੁਨੀਆ ਨੇ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਹਾਲ ਹੀ ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਅਤਿਵਾਦੀ ਸੰਗਠਨਾਂ ਨੂੰ ਸਿਖਲਾਈ ਦੇਣ ਲਈ ਵਿੱਤੀ ਸਹਾਇਤਾ ਦੇਣ ਦੇ ਪਾਕਿਸਤਾਨ ਦੇ ਇਤਿਹਾਸ ਨੂੰ ਸਵੀਕਾਰ ਕਰਦੇ ਸੁਣਿਆ ਹੈ।’’
ਭਾਰਤੀ ਰਾਜਦੂਤ ਨੇ ਕਿਹਾ ਕਿ ਇਸ ਖੁੱਲ੍ਹੇ ਇਕਬਾਲੀਆ ਬਿਆਨ ਨੇ ਕਿਸੇ ਨੂੰ ਹੈਰਾਨ ਨਹੀਂ ਕੀਤਾ ਅਤੇ ‘ਪਾਕਿਸਤਾਨ ਨੂੰ ਇੱਕ ਸ਼ਾਤਿਰ ਮੁਲਕ ਵਜੋਂ ਉਜਾਗਰ ਕੀਤਾ, ਜੋ ਆਲਮੀ ਅਤਿਵਾਦ ਨੂੰ ਹਵਾ ਦੇਣ ਦੇ ਨਾਲ ਖਿੱਤੇ ਨੂੰ ਅਸਥਿਰ ਕਰ ਰਿਹਾ ਹੈ।’ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਨੂੰ ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲਾ ਮੁਲਕ ਐਲਾਨਣ ਲਈ ਕੂਟਨੀਤਕ ਤੌਰ ’ਤੇ ਕੰਮ ਕਰਨ ਦੀ ਵਧਦੀ ਮੰਗ ਦਰਮਿਆਨ ਕਿਹਾ ਕਿ ਕੁੱਲ ਆਲਮ ਹੁਣ ਅੱਖਾਂ ਨਹੀਂ ਮੀਟ ਸਕਦਾ।
ਸਮਾਗਮ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਪਟੇਲ ਨੇ ਪਹਿਲਗਾਮ ਹਮਲੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਸਰਹੱਦ ਪਾਰਲੇ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਅਤਿਵਾਦ ਵਿਰੁੱਧ ਪਹਿਲਕਦਮੀਆਂ ਦੀ ਅਹਿਮੀਅਤ ਨੂੰ ਸਮਝਦਾ ਹੈ। ਯੂਐੱਨ ’ਚ ਭਾਰਤ ਦੀ ਉਪ ਰਾਜਦੂਤ
ਨੇ ਪਹਿਲਗਾਮ ਹਮਲੇ ਬਾਰੇ ਬੋਲਦੇ ਹੋਏ ਕਿਹਾ, ‘‘ਪਹਿਲਗਾਮ ਦਹਿਸ਼ਤੀ ਹਮਲਾ 2008 ਵਿੱਚ ਹੋਏ ਭਿਆਨਕ 26/11 ਮੁੰਬਈ ਹਮਲਿਆਂ ਮਗਰੋਂ ਸਭ ਤੋਂ ਵੱਧ ਨਾਗਰਿਕ ਮੌਤਾਂ ਨੂੰ ਦਰਸਾਉਂਦਾ ਹੈ।
 ਦਹਾਕਿਆਂ ਤੋਂ ਸਰਹੱਦ ਪਾਰਲੇ ਅਤਿਵਾਦ ਦੀ ਮਾਰ ਝੱਲ ਰਿਹਾ ਭਾਰਤ ਸਮਝਦਾ ਹੈ ਕਿ ਅਜਿਹੀਆਂ ਕਾਰਵਾਈਆਂ ਦਾ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ’ਤੇ ਲੰਬੇ ਸਮੇਂ ਤੱਕ ਅਸਰ ਰਹਿੰਦਾ ਹੈ।’’
ਸੰਯੁਕਤ ਰਾਸ਼ਟਰ ਵਿੱਚ ਭਾਰਤੀ ਦੀ ਉਪ ਰਾਜਦੂਤ ਨੇ ਕਿਹਾ ਕਿ ਭਾਰਤ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਆਲਮੀ ਆਗੂਆਂ ਅਤੇ ਸਰਕਾਰਾਂ ਵੱਲੋਂ ਮਿਲੀ ਮਜ਼ਬੂਤ ਤੇ ਸਪੱਸ਼ਟ ਹਮਾਇਤ ਦੀ ਕਦਰ ਕਰਦਾ ਹੈ। ਪਟੇਲ ਨੇ ਕਿਹਾ, ‘‘ਇਹ ਕੌਮਾਂਤਰੀ ਭਾਈਚਾਰੇ ਦੇ ਅਤਿਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਾ ਸਬੂਤ ਹੈ।’’ 
ਉਨ੍ਹਾਂ ਕਿਹਾ ਕਿ ਅਤਿਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕਰਨੀ ਬਣਦੀ ਹੈ। ਪਟੇਲ ਨੇ ਕਿਹਾ ਕਿ ਅਤਿਵਾਦ ਪੀੜਤ ਐਸੋਸੀਏਸ਼ਨ (VoTAN) ਦੀ ਸਥਾਪਨਾ ਅਹਿਮ ਪੇਸ਼ਕਦਮੀ ਹੈ, ਜੋ ਪੀੜਤਾਂ ਦੀ ਸੁਣਵਾਈ ਤੇ ਹਮਾਇਤ ਲਈ ਢਾਂਚਾਗਤ ਤੇ ਸੁਰੱਖਿਅਤ ਜਗ੍ਹਾ ਯਕੀਨੀ ਬਣਾਏਗਾ। ਪਟੇਲ ਨੇ ਕਿਹਾ, ‘‘ਭਾਰਤ ਦਾ ਮੰਨਣਾ ਹੈ ਕਿ VoTAN ਵਰਗੀਆਂ ਪਹਿਲਕਦਮੀਆਂ ਅਤਿਵਾਦ ਪ੍ਰਤੀ ਵਿਸ਼ਵਵਿਆਪੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹਨ।’’