ਖਰੜ ਦੇ ਜਲ ਵਾਯੂ ਟਾਵਰ ਵਿੱਚ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਵਸਨੀਕ ਪਰੇਸ਼ਾਨ ਵਸਨੀਕਾਂ ਨੇ ਐਸ ਡੀ ਐਮ ਖਰੜ ਨੂੰ ਕੀਤੀ ਸ਼ਿਕਾਇਤ

ਖਰੜ, 29 ਨਵੰਬਰ - ਖਰੜ ਦੇ ਨਿਊ ਸੰਨੀ ਇਨਕਲੇਵ (ਸੈਕਟਰ 125) ਵਿੱਚ ਸਥਿਤ ਜਲਵਾਯੂ ਟਾਵਰ ਵਿੱਚ ਲੋਕਾਂ ਨੂੰ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਵਸਨੀਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਇਸ ਸੋਸਾਇਟੀ ਵਿੱਚ 1300 ਦੇ ਕਰੀਬ ਫਲੈਟ ਹਨ ਜਿਹਨਾਂ ਵਲੋਂ ਹਰ ਮਹੀਨੇ ਮੇਨਟੇਨੈਂਸ ਚਾਰਜ ਦੇ ਰੂਪ ਵਿੱਚ ਲਗਭਗ 25 ਲੱਖ ਰੁਪਏ ਦੇ ਕਰੀਬ ਜਮ੍ਹਾਂ ਕਰਵਾਏ ਜਾਂਦੇ ਹਨ ਪਰੰਤੂ ਵਸਨੀਕਾਂ ਦਾ ਇਲਜਾਮ ਹੈ ਕਿ ਇਸਦੇ ਬਦਲੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ।

ਇਸ ਸੰਬੰਧੀ ਸੁਸਾਇਟੀ ਦੇ ਇੱਕ ਵਸਨੀਕ ਰਾਜੀਵ ਕੁਮਾਰ ਜੱਸਲ ਵੱਲੋਂ ਐਸਡੀਐਮ ਖਰੜ ਨੂੰ ਸ਼ਿਕਾਇਤ ਦੇ ਕੇ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸz. ਜੱਸਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੁਸਾਇਟੀ ਵਿੱਚ ਨਾ ਤਾਂ ਕੋਈ ਚੋਣ ਹੋਈ ਹੈ ਅਤੇ ਨਾ ਹੀ ਕੋਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ ਹੈ। ਉਹਨਾਂ ਕਿਹਾ ਕਿ ਨਿਯਮਾਂ ਅਨੁਸਾਰ ਜੇਕਰ ਮੁਖੀ ਦੀ ਚੋਣ ਨਹੀਂ ਹੁੰਦੀ ਤਾਂ ਸਾਰਾ ਅਧਿਕਾਰ ਸਬੰਧਤ ਖੇਤਰ ਦੇ ਐਸ.ਡੀ.ਐਮ. ਕੋਲ ਚਲਾ ਜਾਂਦਾ ਹੈ ਪਰੰਤੂ ਐਸ ਡੀ ਐਮ ਵੱਲੋਂ ਵੀ ਸੁਸਾਇਟੀ ਦੇ ਮੈਂਬਰਾਂ ਨੂੰ ਰਾਹਤ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਹਨਾਂ ਕਿਹਾ ਕਿ ਸੁਸਾਇਟੀ ਵਲੋਂ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਰ ਮਹੀਨੇ ਤਨਖਾਹਾਂ ਤਾਂ ਦਿੱਤੀਆਂ ਜਾਂਦੀਆਂ ਹਨ ਪਰੰਤੂ ਉਹਨਾਂ ਦੀ ਕੋਈ ਜਵਾਬਦੇਹੀ ਨਾ ਹੋਣ ਕਾਰਨ ਉਹ ਮਰਜੀ ਨਾਲ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਫਲੈਟਾਂ ਵਿੱਚ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੈ ਅਤੇ ਨਾ ਹੀ ਪਾਵਰ ਬੈਕਅਪ ਦਾ ਕੋਈ ਪ੍ਰਬੰਧ ਹੈ। ਇੱਥੇ ਸਫਾਈ ਦਾ ਵੀ ਮਾੜਾ ਪ੍ਰਬੰਧ ਹੈ ਅਤੇ ਹਰ ਪਾਸੇ ਕੂੜਾ ਖਿੱਲਰਿਆ ਦਿਖਦਾ ਹੈ।

ਉਹਨਾਂ ਐਸ ਡੀ ਐਮ ਤੋਂ ਮੰਗ ਕੀਤੀ ਹੈ ਕਿ ਸੁਸਾਇਟੀ ਦਾ ਰੱਖ ਰਖਾਓ ਕਰਨ ਵਾਲੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਸੁਸਾਇਟੀ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮਿਲਣੀਆਂ ਯਕੀਨੀ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜੇਕਰ ਇਹ ਕਰਮਚਾਰੀ ਕੰਮ ਨਹੀਂ ਕਰਦੇ ਤਾਂ ਇਸ ਪੂਰੇ ਕੰਮ ਦਾ ਠੇਕਾ ਕਿਸੇ ਜਿੰਮੇਵਾਰ ਕੰਪਨੀ ਨੂੰ ਦਿੱਤਾ ਜਾਵੇ ਅਤੇ ਸੁਸਾਇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਜੋ ਵਸਨੀਕਾਂ ਦੀਆਂ ਸਮੱਸਿਆਵਾਂ ਹਲ ਹੋਣ।