ਪਿਆਜ਼ ਅਜੇ ਦੀਵਾਲੀ ਤਕ "ਅੱਖਾਂ 'ਚੋਂ ਵੱਧ ਹੰਝੂ ਕਢਵਾਏਗਾ"

ਨਾਸਿਕ ਤੋਂ ਘੱਟ ਹੋ ਰਹੀ ਸਪਲਾਈ, ਹੋਰ ਸਬਜ਼ੀਆਂ ਦੇ ਰੇਟ ਵੀ ਵਧੇ

ਨਾਸਿਕ ਤੋਂ ਘੱਟ ਹੋ ਰਹੀ ਸਪਲਾਈ, ਹੋਰ ਸਬਜ਼ੀਆਂ ਦੇ ਰੇਟ ਵੀ ਵਧੇ 
 ਪਟਿਆਲਾ, 30 ਅਕਤੂਬਰ : ਪਿਆਜ਼ ਇੱਕ ਵਾਰ ਲੋਕਾਂ ਦੀਆਂ "ਅੱਖਾਂ 'ਚ ਵੱਧ ਹੰਝੂ ਲਿਆਉਣ" ਵਿੱਚ ਕਾਮਯਾਬ ਹੋ ਗਿਆ ਹੈ। ਜਿਹੜਾ ਪਿਆਜ਼ ਦੋ ਹਫਤੇ ਪਹਿਲਾਂ 25-30 ਰੁਪਏ ਕਿੱਲੋ ਮਿਲ ਰਿਹਾ ਸੀ, ਹੁਣ 70 ਰੁਪਏ ਤੋਂ ਵੀ ਟੱਪ ਗਿਆ ਹੈ। ਮੁਹੱਲੇ ਵਿੱਚ ਆ ਕੇ ਕਈ ਸਬਜ਼ੀ ਵੇਚਣ ਵਾਲੇ ਤਾਂ 100 ਰੁਪਏ ਪ੍ਰਤੀ ਕਿੱਲੋ ਤਕ ਪਿਆਜ਼ ਵੇਚ ਰਹੇ ਹਨ। ਪਤਾ ਲੱਗਾ ਹੈ ਕਿ ਥੋਕ ਵਿੱਚ ਪਿਆਜ਼ ਦਾ ਰੇਟ 50-60 ਰੁਪਏ ਕਿੱਲੋ ਹੈ। ਸਬਜ਼ੀ ਮੰਡੀ ਦੇ ਪਿਆਜ਼ ਦੇ ਵੱਡੇ ਵਪਾਰੀਆਂ ਨੇ ਕੀਮਤਾਂ ਦੇ ਵਧਣ ਦਾ ਕਾਰਨ ਨਵੀਂ ਫ਼ਸਲ ਦਾ ਮੰਡੀਆਂ ਵਿੱਚ ਨਾ ਆਉਣ ਦੱਸਿਆ ਹੈ। ਅਜੇ ਪੁਰਾਣਾ ਮਾਲ ਹੀ ਮੰਡੀਆਂ ਵਿੱਚ ਵੇਚਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਂ ਮਾਲ ਨਾ ਆਉਣ ਕਰਕੇ ਨਾਸਿਕ ਵਿੱਚ ਵੀ ਪਿਆਜ਼ 52 ਤੋਂ 55 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਤਕ ਪਿਆਜ਼ ਦੇ ਭਾਅ ਵਿੱਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ। ਦੀਵਾਲੀ ਮਗਰੋਂ  ਨਵੀਂ ਫ਼ਸਲ ਦੀ ਆਮਦ 'ਤੇ ਹੀ ਪਿਆਜ਼ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। ਪਿਆਜ਼ ਦੇ ਨਾਲ ਨਾਲ ਟਮਾਟਰ, ਅਦਰਕ ਅਤੇ ਮਟਰਾਂ ਦੇ ਰੇਟ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਭਾਵੇਂ ਇਹ ਪਿਆਜ਼ ਦੀਆਂ ਕੀਮਤਾਂ ਦੇ ਮੁਕਾਬਲੇ ਘੱਟ ਹੈ। ਪਿਛਲੇ ਹਫਤੇ 30 ਰੁਪਏ ਕਿੱਲੋ ਮਿਲਣ ਵਾਲਾ ਟਮਾਟਰ 40-45 ਰੁਪਏ ਕਿੱਲੋ ਵਿਕ ਰਿਹਾ ਹੈ, 130 ਤੋਂ 140 ਰੁਪਏ ਪ੍ਰਤੀ ਕਿੱਲੋ ਮਿਲਣ ਵਾਲਾ ਮਟਰ 160 ਰੁਪਏ ਤੋਂ ਟੱਪ ਗਿਆ ਹੈ। 200 ਰੁਪਏ ਕਿੱਲੋ ਵਾਲਾ ਅਦਰਕ 240 ਰੁਪਏ ਕਿੱਲੋ ਤਕ ਪਹੁੰਚ ਗਿਆ ਹੈ।