
ਆਰ ਮਨੀ ਦਾ ਗੀਤ 'ਦੂਜੇ ਦੀ ਚੜ੍ਹਾਈ ਵੇਖ ਕੇ' ਬਲਜਿੰਦਰ ਮਾਨ ਵੱਲੋਂ ਜਾਰੀ
ਮਾਹਿਲਪੁਰ- ਗੀਤ ਸੰਗੀਤ ਦੀ ਦੁਨੀਆਂ ਵਿੱਚ ਜਿੱਥੇ ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਪ੍ਰਸਾਰ ਬਹੁਤ ਕੀਤਾ ਜਾ ਰਿਹਾ ਹੈ ਉੱਥੇ ਟਾਵੇਂ ਟਾਵੇਂ ਗਾਇਕ ਤੇ ਗੀਤਕਾਰ ਅਜਿਹੇ ਵੀ ਉਭਰ ਰਹੇ ਹਨ ਜਿਊਨਾਂ ਨੇ ਸੱਚੀ ਸੁੱਚੀ ਅਤੇ ਉੱਚ ਪਾਏ ਦੀ ਗਾਇਕੀ ਨਾਲ ਸਮਾਜ ਨੂੰ ਸੇਧ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ।
ਮਾਹਿਲਪੁਰ- ਗੀਤ ਸੰਗੀਤ ਦੀ ਦੁਨੀਆਂ ਵਿੱਚ ਜਿੱਥੇ ਹਥਿਆਰਾਂ ਅਤੇ ਨਸ਼ਿਆਂ ਦਾ ਪ੍ਰਚਾਰ ਪ੍ਰਸਾਰ ਬਹੁਤ ਕੀਤਾ ਜਾ ਰਿਹਾ ਹੈ ਉੱਥੇ ਟਾਵੇਂ ਟਾਵੇਂ ਗਾਇਕ ਤੇ ਗੀਤਕਾਰ ਅਜਿਹੇ ਵੀ ਉਭਰ ਰਹੇ ਹਨ ਜਿਊਨਾਂ ਨੇ ਸੱਚੀ ਸੁੱਚੀ ਅਤੇ ਉੱਚ ਪਾਏ ਦੀ ਗਾਇਕੀ ਨਾਲ ਸਮਾਜ ਨੂੰ ਸੇਧ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ।
ਇਹ ਵਿਚਾਰ ਸੁਰ ਸੰਗਮ ਵਿੱਦਿਅਕ ਟਰਸਟ ਮਾਹਿਲਪੁਰ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਨਵੇਂ ਗਾਇਕ ਆਰ ਮਨੀ ਦੇ ਗੀਤ 'ਆਪਣੇ ਦੁੱਖਾਂ ਤੋਂ ਬੰਦਾ ਦੁਖੀ ਨਹੀਂਓ ਹੁੰਦਾ, ਜਿੰਨਾ ਦੁਖੀ ਹੁੰਦਾ ਦੂਜੇ ਦੀ ਚੜ੍ਹਾਈ ਦੇਖ ਕੇ' ਨੂੰ ਜਾਰੀ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਜਿਨ੍ਹਾਂ ਗਾਇਕਾਂ ਤੇ ਗੀਤਕਾਰਾਂ ਨੇ ਸਮਾਜ ਨੂੰ ਮਿਆਰੀ ਮਨੋਰੰਜਨ ਪ੍ਰਦਾਨ ਕੀਤਾ ਹੈ ਉਹ ਸਦੀਆਂ ਤੱਕ ਯਾਦ ਰਹਿੰਦੇ ਹਨ। ਉਹਨਾਂ ਉਮੀਦ ਜਾਹਿਰ ਕੀਤੀ ਕਿ ਆਰ ਮਨੀ ਵੀ ਉਸ ਮਾਲਾ ਵਿੱਚ ਇੱਕ ਨਵਾਂ ਮਣਕਾ ਜੁੜ ਰਿਹਾ ਹੈ।
ਇਸ ਮੌਕੇ ਉਨ੍ਹਾਂ ਗੀਤਕਾਰ ਦਵਿੰਦਰ ਵੱਲੋਂ ਸਿਰਜੇ ਗਏ ਮਿਆਰੀ ਗੀਤ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਗਾਇਕ ਤੇ ਗੀਤਕਾਰਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਆਪਣਾ ਯੋਗਦਾਨ ਪਾਈਏ। ਸਰਸਵਤੀ ਸੰਗੀਤ ਵਿਦਿਆਲਿਆ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਨਗਰ ਕੌਂਸਲ ਮਾਹਿਲਪੁਰ ਦੇ ਸਾਬਕਾ ਮੀਤ ਪ੍ਰਧਾਨ ਜਗਦੀਪ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਸਵਤੀ ਸੰਗੀਤ ਵਿਦਿਆਲਿਆ ਨੇ ਇਲਾਕੇ ਦੇ ਹੀ ਨਹੀਂ ਸਗੋਂ ਦੂਰ ਦਰੇਡੇ ਦੇ ਕਈ ਨਾਮਵਰ ਕਲਾਕਾਰ ਪੈਦਾ ਕੀਤੇ ਹਨ।
ਜਿਸ ਵਾਸਤੇ ਉੱਘੇ ਸੰਗੀਤਕਾਰ ਨੀਲ ਕਮਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੋਨੀਆ ਵਧਾਈ ਦੇ ਹੱਕਦਾਰ ਹਨ। ਗਾਇਕ ਆਰ ਮਨੀ ਨੇ ਇਸ ਮੌਕੇ ਆਪਣੇ ਮਿਆਰੀ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਕਿਹਾ ਕਿ ਉਹ ਸਰੋਤਿਆਂ ਦੇ ਪਿਆਰ ਸਦਕਾ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਸੂਫ਼ੀ ਗਾਇਕ ਤੇ ਸੰਗੀਤਕਾਰ ਨੀਲ ਕਮਲ ਨੇ ਕਿਹਾ ਕਿ ਉਸ ਨੂੰ ਇਸ ਕਲਾਕਾਰ ਤੋਂ ਗਾਇਕੀ ਦੇ ਪਿੜ ਅੰਦਰ ਸੰਦਲੀ ਪੈੜਾਂ ਪਾਉਣ ਦੀਆਂ ਭਰਪੂਰ ਉਮੀਦਾਂ ਹਨ। ਪ੍ਰਬੰਧਕਾਂ ਵੱਲੋਂ ਗਾਇਕ ਦਾ ਮਾਣ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੀਤਕਾਰ ਵਿਜੇ ਰਸੂਲਪੁਰੀ, ਸ਼ਾਇਰ ਪਰਮਜੀਤ ਕਾਤਿਬ, ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਜੀਵਨ ਚੰਦੇਲੀ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਨੀਤੂ ਮਾਹਿਲਪੁਰੀ, ਮਨਜੀਤ ਕੌਰ, ਨਿਧੀ ਅਮਨ ਸਹੋਤਾ, ਮਨਜਿੰਦਰ ਹੀਰ ਅਤੇ ਪਵਨ ਸਕਰੂਲੀ ਸਮੇਤ ਸੰਗੀਤ ਪ੍ਰੇਮੀ ਸ਼ਾਮਿਲ ਹੋਏ। ਮੈਡਮ ਤਮੰਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
