ਦਸੂਹਾ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਦਾ ਲਾਭ ਉਠਾਉਣ ਸਥਾਨਕ ਲੋਕ : ਆਰ.ਟੀ.ਓ

ਹੁਸ਼ਿਆਰਪੁਰ- ਰਿਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ) ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕਾਂ ਦੀ ਸਹੂਲਤ ਲਈ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਦੋ ਡਰਾਈਵਿੰਗ ਟੈਸਟ ਟਰੈਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਇਸੰਸ ਬਣਾਉਣ ਲਈ ਖੇੜਾ ਕੋਟਲੀ ਦਸੂਹਾ ਵਿਖੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੀ ਵਰਤੋਂ ਕਰਨ।

 ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਉਪਰੋਕਤ ਇਲਾਕਿਆਂ ਤੋਂ ਲੋਕ ਵੀ ਕੰਮ ਲਈ ਹੁਸ਼ਿਆਰਪੁਰ ਡਰਾਈਵਿੰਗ ਟਰੈਕ 'ਤੇ ਆਉਂਦੇ ਹਨ। ਇਸ ਨਾਲ ਨਾ ਸਿਰਫ਼ ਹੁਸ਼ਿਆਰਪੁਰ ਟਰੈਕ 'ਤੇ ਭੀੜ ਵਧ ਰਹੀ ਹੈ, ਸਗੋਂ ਲੋਕਾਂ ਨੂੰ ਬੇਲੋੜੀ ਅਸੁਵਿਧਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸੂਹਾ ਟਰੈਕ, ਜੋ ਕਿ ਤਲਵਾੜਾ, ਮੁਕੇਰੀਆਂ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵਧੇਰੇ ਸੁਵਿਧਾਜਨਕ ਹੈ ਅਤੇ ਉੱਥੋਂ ਦੀਆਂ ਸਹੂਲਤਾਂ ਵੀ ਹੁਸ਼ਿਆਰਪੁਰ ਟਰੈਕ ਵਾਂਗ ਹੀ ਆਧੁਨਿਕ ਅਤੇ ਭਰੋਸੇਮੰਦ ਹਨ।
ਆਰ.ਟੀ.ਓ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਤਲਵਾੜਾ ਅਤੇ ਮੁਕੇਰੀਆਂ ਵਰਗੇ ਇਲਾਕਿਆਂ ਦੇ ਲੋਕਾਂ ਦਾ ਸਮਾਂ ਅਤੇ ਪੈਂਡਾ ਬਚੇਗਾ, ਬਲਕਿ ਹੁਸ਼ਿਆਰਪੁਰ ਟਰੈਕ 'ਤੇ ਭੀੜ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਕਮਿਸ਼ਨਰ ਪੰਜਾਬ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਵਿਚ ਪੰਜਾਬ ਦੇ ਸਾਰੇ 32 ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਨ੍ਹਾਂ ਟਰੈਕਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਤਾਂ ਜੋ ਡਰਾਈਵਿੰਗ ਲਾਇਸੰਸ ਲਈ ਟੈਸਟ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਸੁਚਾਰੂ ਅਤੇ ਕੁਸ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਦਸੂਹਾ ਦੇ ਆਟੋਮੇਟਿਡ ਡਰਾਈਵਿੰਗ ਟਰੈਕ ਵੀ ਇਨ੍ਹਾਂ ਵਿੱਚੋਂ ਇਕ ਹਨ।
      ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਹੈ। ਦਸੂਹਾ ਡਰਾਈਵਿੰਗ ਟਰੈਕ ਦੀ ਵਰਤੋਂ ਕਰਕੇ ਲੋਕ ਨਾ ਸਿਰਫ ਆਪਣੀ ਸਹੂਲਤ ਵਧਾ ਸਕਦੇ ਹਨ ਬਲਕਿ ਹੁਸ਼ਿਆਰਪੁਰ ਟਰੈਕ 'ਤੇ ਭੀੜ-ਭੜੱਕੇ ਨੂੰ ਘਟਾਉਣ ਵਿਚ ਵੀ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਨੇੜਲੇ ਟਰੈਕ ਦੀ ਵਰਤੋਂ ਕਰਨ ਅਤੇ ਇਸ ਪਹਿਲਕਦਮੀ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ।