ਵੈਟਨਰੀ ਯੂਨੀਵਰਸਿਟੀ ਵਿਖੇ ਡੇਅਰੀ ਫਾਰਮਿੰਗ ਸਿਖਲਾਈ ਕੋਰ ਸੰਪੂਰਨ

ਲੁਧਿਆਣਾ, 17 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੂਰਨ ਹੋ ਗਿਆ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਰਵੇਂ ਹੁੰਗਾਰੇ ਨਾਲ 43 ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ, ਇਨ੍ਹਾਂ ਵਿੱਚ 40 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ।

ਲੁਧਿਆਣਾ, 17 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੂਰਨ ਹੋ ਗਿਆ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਰਵੇਂ ਹੁੰਗਾਰੇ ਨਾਲ 43 ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ, ਇਨ੍ਹਾਂ ਵਿੱਚ 40 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ, ਪਸ਼ੂ ਪਾਲਕਾਂ ਅਤੇ ਸੰਬੰਧਿਤ ਕਿੱਤਿਆਂ ਦੀ ਆਰਥਿਕਤਾ, ਸਥਿਰਤਾ ਅਤੇ ਭਲਾਈ ਨੂੰ ਸੁਦ੍ਰਿੜ੍ਹ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਡੇਅਰੀ ਫਾਰਮਿੰਗ ਦੀ ਵੱਧਦੀ ਹਰਮਨਪਿਆਰਤਾ ਅਤੇ ਮੁਨਾਫ਼ੇ `ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਯੂਨੀਵਰਸਿਟੀ ਡੇਅਰੀ ਫਾਰਮਿੰਗ ਨੂੰ ਇੱਕ ਪੇਸ਼ੇ ਵਜੋਂ ਅਪਣਾਉਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਸੰਪੂਰਨ ਜਾਣਕਾਰੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਸਿਖਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਨੂੰ ਇੱਕ ਵਿਹਾਰਕ ਅਤੇ ਟਿਕਾਊ ਕਿੱਤੇ ਵਜੋਂ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਦੇ ਮੁਖੀ, ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਦਾ ਇੱਕ ਸੰਤੁਲਿਤ ਸੁਮੇਲ ਸੀ। ਇਸ ਪਾਠਕ੍ਰਮ ਦਾ ਉਦੇਸ਼ ਆਧੁਨਿਕ ਡੇਅਰੀ ਫਾਰਮਿੰਗ ਲਈ ਜ਼ਰੂਰੀ ਵਿਗਿਆਨਕ ਗਿਆਨ ਅਤੇ ਪ੍ਰਯੋਗਿਕ ਹੁਨਰ ਪ੍ਰਦਾਨ ਕਰਨਾ ਸੀ। ਵਿਸ਼ਾ ਮਾਹਿਰਾਂ ਨੇ ਸਿਖਲਾਈ ਦੌਰਾਨ ਰਿਹਾਇਸ਼, ਪ੍ਰਜਣਨ, ਖੁਰਾਕ, ਸਿਹਤ ਪ੍ਰਬੰਧਨ, ਏਕੀਕ੍ਰਿਤ ਖੇਤੀ, ਬਿਮਾਰੀ ਦੀ ਰੋਕਥਾਮ, ਆਮ ਬਿਮਾਰੀਆਂ, ਸਾਫ਼ ਸੁਥਰਾ ਦੁੱਧ ਉਤਪਾਦਨ, ਜੈਵਿਕ ਸੁਰੱਖਿਆ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ, ਦੁੱਧ ਦੇ ਕਾਰੋਬਾਰ ਸੰਬੰਧੀ ਮੰਡੀਕਾਰੀ ਨੀਤੀਆਂ ਅਤੇ ਗੁਣਵੱਤਾ ਭਰਪੂਰ ਉਤਪਾਦਾਂ ਦੇ ਵਿਸ਼ਿਆਂ ਬਾਰੇ ਗਿਆਨ ਚਰਚਾ ਕੀਤੀ। ਸਿਖਲਾਈ ਦੀ ਸਫ਼ਲ ਸੰਪੂਰਨਤਾ `ਤੇ ਸਾਰੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਦਾ ਸੰਯੋਜਨ ਡਾ. ਜੈਸਮੀਨ ਕੌਰ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ।
ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ 19 ਮਈ, 2025 ਤੋਂ ਆਪਣੇ ਲੁਧਿਆਣਾ ਕੈਂਪਸ ਵਿਖੇ ਪੰਜ ਦਿਨਾ ਬੱਕਰੀ ਪਾਲਣ ਸਿਖਲਾਈ ਪ੍ਰੋਗਰਾਮ ਦਾ ਵੀ ਆਯੋਜਨ ਕਰ ਰਹੀ ਹੈ। ਚਾਹਵਾਨ ਸਿਖਿਆਰਥੀਆਂ ਇਸ ਵਿੱਚ ਹਿੱਸਾ ਲੈ ਸਕਦੇ ਹਨ।