ਮਾਨਵਤਾ ਦੀ ਭਲਾਈ ਲਈ ਲੋਕ ਮਾਰੂ ਲੜਾਈਆਂ ਨਹੀਂ ਸਗੋਂ ਦੁਨੀਆਂ ਭਰ ਦੇ ਦੇਸ਼ਾਂ ਦੇ ਆਪੋ ਵਿੱਚ ਚੰਗੇ ਸਬੰਧਾਂ ਦੀ ਲੋੜ-ਤਲਵਿੰਦਰ ਹੀਰ
ਹੁਸ਼ਿਆਰਪੁਰ- ਕਸ਼ਮੀਰ ਪਹਿਲਗਾਮ 'ਚ ਮਾਰੇ ਗਏ ਬੇਕਸੂਰ ਸੈਲਾਨੀਆਂ ਦੀਆਂ ਮੌਤਾਂ ਨੇ ਦੁਨੀਆਂ ਭਰ ਦੇ ਇਨਸਾਨੀਅਤਪਸੰਦ, ਇਨਸਾਫ਼ਪਸੰਦ ਤੇ ਅਮਨਪਸੰਦ ਸੰਵੇਦਨਸ਼ੀਲ ਲੋਕਾਂ ਨੂੰ ਗਹਿਰੇ ਸਦਮੇ ਤੇ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ।ਇਸ ਅਣਮਨੁੱਖੀ ਘਿਨਾਉਣੀ ਕਾਰਵਾਈ ਦੀ ਘੋਰ ਨਿੰਦਿਆ ਤੇ ਮਾਰੇ ਗਏ ਸੈਲਾਨੀਆਂ ਦੇ ਪੀੜ੍ਹਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਉਣ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਲਈ ਚੁਫੇਰਿਓਂ ਅਵਾਜ਼ਾਂ ਬੁਲੰਦ ਹੋਈਆਂ।

ਫਿਰ ਪਤਾ ਨਹੀਂ ਕਿਉਂ ਦੇਸ਼ ਦੇ ਲੋਕਾਂ ਦੀ ਜਾਨ ਮਾਲ ਨੂੰ ਹੋਰ ਵੀ ਗੰਭੀਰ ਖ਼ਤਰੇ ਵਿੱਚ ਪਾਉਣ ਲਈ ਜੰਗ ਵਰਗਾ ਮਾਹੌਲ ਸਿਰਜਿਆ ਗਿਆ।ਲੋਕ ਤਾਂ ਪਹਿਲਗਾਮ ਵਾਲੀ ਘਟਨਾ ਦੇ ਸਦਮੇ ਕਾਰਨ ਗ਼ਮਗੀਨ ਤੇ ਚਿੰਤਤ ਸਨ ਉਪਰੋਂ ਇਤਿਹਾਸ ਚੋਂ ਜੰਗ ਦੇ ਭਿਆਨਕ ਨਤੀਜਿਆਂ ਨੂੰ ਜਾਣਦੇ ਹੋਏ ਜਿਊਂਦੇ ਜੀਅ ਲਾਸ਼ਾਂ ਬਣ ਸੁੰਨ ਹੋ ਕੇ ਰਹਿ ਗਏ।
ਰੂਸ ਤੇ ਯੂਕਰੇਨ ਦੀ ਜੰਗ ਅਤੇ ਫ਼ਲਸਤੀਨੀ ਨਾਗਰਿਕਾਂ ਤੇ ਹੋ ਰਹੇ ਵਹਿਸ਼ੀ ਅਤਿਆਚਾਰ ਦੀਆਂ ਤਸਵੀਰਾਂ ਹਰ ਸੂਝਵਾਨ ਨਾਗਰਿਕ ਦੇ ਅੱਖਾਂ ਮੂਹਰੇ ਆਉਣ ਲੱਗੀਆਂ।ਉਪਰੋਂ ਬਲਦੀ ਤੇ ਤੇਲ ਪਾਉਣ ਵਾਲੇ ਹਥਿਆਰਾਂ ਦੇ ਵਪਾਰੀ ਸਾਮਰਾਜੀ ਘੜੰਮ ਚੌਧਰੀਆਂ ਦੀਆਂ ਸਾਜ਼ਿਸ਼ਾਂ ਦਾ ਡਰ ਸਤਾਉਣ ਲੱਗਾ।ਪਹਿਲਗਾਮ ਵਾਲੇ ਕਤਲੇਆਮ ਦੇ ਰੋਸ ਜਾਂ ਹੱਲ ਲਈ ਭਿਅੰਕਰ ਜੰਗੀ ਤਬਾਹੀ ਤੇ ਹੋਰ ਬੇਕਸੂਰ ਨਾਗਰਿਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣਾ ਵਾਜਬ ਨਹੀਂ।
ਜੰਗਬਾਜਾਂ ਦੁਆਰਾ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਕੀਤੀ ਤਬਾਹੀ ਨੂੰ ਯਾਦ ਰੱਖਦਿਆਂ ਆਓ ਆਪਣੇ ਆਸਮਾਨਾਂ ਨੂੰ ਬੰਬਾਂ ਗੋਲਿਆਂ ਤੋਂ ਮੁਕਤ ਕਰਨ ਲਈ ਤੇ ਅਮਨ ਦੀ ਬਹਾਲੀ ਲਈ ਜੰਗਬਾਜ਼ਾਂ ਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਲਾਹਨਤਾਂ ਪਾਈਏ। ਅਫਵਾਹਾਂ ਤੇ ਭੜਕਾਹਟ ਫੈਲਾਉਣ ਵਾਲੇ ਮਾਨਵਤਾ ਦੇ ਵੈਰੀ ਫੇਸਬੁੱਕੀਏ ਮੂਰਖਾਂ ਨੂੰ ਮੂੰਹ ਨਾ ਲਾਈਏ। ਦੁਨੀਆਂ ਦੀ ਸਲਾਮਤੀ ਤੇ ਅਮਨ ਦੀ ਸਥਾਪਤੀ ਮਾਰੂ ਹਥਿਆਰਾਂ ਰਾਹੀਂ ਲੜੀਆਂ ਲੜਾਈਆਂ ਨਹੀਂ ਸਗੋਂ ਸੰਸਾਰ ਭਰ ਦੇ ਦੇਸ਼ਾਂ ਦੇ ਆਪੋ ਵਿੱਚ ਚੰਗੇ ਸਬੰਧ ਕਾਇਮ ਕਰਨ ਨਾਲ ਹੋਵੇਗੀ।
ਹਾਲ ਦੀ ਘੜੀ ਖ਼ਤਰਾ ਟਲਿਆ ਜਾਪਦਾ ਬਹੁਤ ਚੰਗੀ ਗੱਲ ਹੈ ਪਰ ਦੇਸ਼ ਦੇ ਲੋਕਾਂ ਦੀਆਂ ਆਸਾਂ ਤੇ ਵਿਸ਼ਵਾਸ਼ ਤੇ ਖਰਾ ਉਤਰਨ ਲਈ ਅਮਨ ਸਾਂਤੀ ਦੀ ਬਹਾਲੀ ਲਈ ਵੱਧ ਤੋਂ ਵੱਧ ਯਤਨ ਕਰਨ ਦੀ ਲੋੜ ਹੈ।ਆਓ ਸਾਰੇ ਮਿਲ ਕੇ ਸੰਸਾਰ ਭਰ ਚ ਚੱਲ ਰਹੀਆਂ ਜੰਗਾਂ ਨੂੰ ਰੁਕਵਾਉਣ ਤੇ ਮਨੁੱਖਤਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੀਏ।