ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਦਿਨਾ 'ਕੌਮਾਂਤਰੀ ਕੀਰਤਨ ਕਾਨਫ਼ਰੰਸ' ਆਰੰਭ

ਪਟਿਆਲਾ, 22 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਅਕਾਦਮਿਕ ਕਾਨਫ਼ਰੰਸਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਪੰਜਾਬੀ ਯੂਨੀਵਰਸਿਟੀ ਲਗਾਤਾਰ ਅਜਿਹੀਆਂ ਕਾਨਫ਼ਰੰਸਾਂ ਕਰਵਾ ਕੇ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ।

ਪਟਿਆਲਾ, 22 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਅਕਾਦਮਿਕ ਕਾਨਫ਼ਰੰਸਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਪੰਜਾਬੀ ਯੂਨੀਵਰਸਿਟੀ ਲਗਾਤਾਰ ਅਜਿਹੀਆਂ ਕਾਨਫ਼ਰੰਸਾਂ ਕਰਵਾ ਕੇ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ।
ਇਹ ਵਿਚਾਰ ਪ੍ਰੋ. ਮੁਲਤਾਨੀ ਨੇ ਪੰਜਾਬੀ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਨਾਦ ਮਿਊਜ਼ਿਕ ਇੰਸਟੀਚਿਊਟ, ਯੂ. ਐੱਸ. ਏ. ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਤਿੰਨ ਦਿਨਾ 'ਕੌਮਾਂਤਰੀ ਕੀਰਤਨ ਕਾਨਫ਼ਰੰਸ' ਦੇ ਅੱਜ ਉਦਘਾਟਨੀ ਸੈਸ਼ਨ ਮੌਕੇ ਪ੍ਰਗਟਾਏ। ਇਹ ਕਾਨਫ਼ਰੰਸ 'ਹਰਮਨਿਓਟਿਕਸ ਆਫ਼ ਡੀਵਾਈਨ ਸਾਊਂਡਸਕੇਪਜ਼: ਡੀਕੋਡਿੰਗ ਦਾ ਮਿਊਜ਼ੀਕਲ ਸਿਗਨੇਚਰਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਸ਼ੇ ਉੱਤੇ ਕਰਵਾਈ ਜਾ ਰਹੀ ਹੈ।
 ਉਨ੍ਹਾਂ ਕਿਹਾ ਕਿ ਵਿਸ਼ੇ ਪੱਖੋਂ ਇਹ ਵਿਲੱਖਣ ਕਿਸਮ ਦੀ ਕਾਨਫ਼ਰੰਸ ਹੈ ਜਿਸ ਵਿੱਚ ਗੁਰਬਾਣੀ ਕੀਰਤਨ ਨਾਲ ਸੰਬੰਧਿਤ ਵੱਖ ਵੱਖ ਸ਼ੈਲੀਆਂ ਦਾ ਬਰੀਕੀ ਸਹਿਤ ਅਧਿਐਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਆਪਣੇ ਆਪ ਵਿੱਚ ਵਿਲੱਖਣ ਹੈ ਕਿ ਸਾਡੇ ਰਹਿਨੁਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਮੁੱਚੀ ਬਾਣੀ ਰਾਗਾਂ ਵਿੱਚ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕਾਨਫ਼ਰੰਸ ਦੌਰਾਨ ਕੀਰਤਨ ਅਤੇ ਇਸ ਦੀਆਂ ਸ਼ੈਲੀਆਂ ਨਾਲ਼ ਸੰਬੰਧਿਤ ਵਿਸਥਾਰ ਵਿੱਚ ਚਰਚਾ ਹੋਵੇਗੀ ਜਿਸ ਦੇ ਭਰਪੂਰ ਸਿੱਟੇ ਸਾਹਮਣੇ ਆਉਣਗੇ।
ਮੁੱਖ ਭਾਸ਼ਣ ਦਿੰਦਿਆਂ ਸ੍ਰ. ਸਰਬਦੀਪ ਸਿੰਘ, ਯੂ. ਐੱਸ. ਏ. ਨੇ ਕੀਰਤਨ ਦੀਆਂ ਪੁਰਾਤਨ ਸੈਲੀਆਂ ਦੇ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਜਿੰਨ੍ਹਾਂ ਸ਼ੈਲੀਆਂ ਬਾਰੇ ਅਲੋਪ ਹੋ ਜਾਣ ਦੇ ਖਦਸ਼ੇ ਨਾਲ ਚਿੰਤਾ ਪ੍ਰਗਟਾਈ ਜਾਂਦੀ ਸੀ, ਅੱਜ ਵੱਖ-ਵੱਖ ਅਦਾਰਿਆਂ ਅਤੇ ਸ਼ਖ਼ਸੀਅਤਾਂ ਦੇ ਯਤਨਾਂ ਸਦਕਾ ਅੱਜ ਉਹ ਸ਼ੈਲੀਆਂ ਮੁੜ ਸੁਰਜੀਤ ਹੋ ਚੁੱਕੀਆਂ ਹਨ। ਉਨ੍ਹਾਂ ਇੱਕ ਹੋਰ ਅਹਿਮ ਟਿੱਪਣੀਆਂ ਕਰਦਿਆਂ ਕਿਹਾ ਕਿ ਜਿੱਥੇ ਸਾਨੂੰ ਇੱਕ ਪਾਸੇ ਕੀਰਤਨ ਦੀਆਂ ਪੁਰਾਤਨ ਅਤੇ ਨਿਰਧਾਰਿਤ ਸ਼ੈਲੀਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਉੱਥੇ ਹੀ ਬਾਕੀ ਸਭ ਸ਼ੈਲੀਆਂ ਪ੍ਰਤੀ ਵੀ ਉਦਾਰਚਿਤ ਰਹਿਣ ਦੀ ਲੋੜ ਹੈ। ਦਿੱਲੀ ਤੋਂ ਪੁੱਜੇ ਸ੍ਰ. ਦਿਵਿਆਜੋਤ ਸਿੰਘ ਨੇ ਆਪਣੇ ਪੜਦਾਦੇ ਭਾਈ ਹੀਰਾ ਸਿੰਘ ਜੀ ਰਾਗੀ, ਜਿਨ੍ਹਾਂ ਨੂੰ ਇਹ ਕਾਨਫ਼ਰੰਸ ਸਮਰਪਿਤ ਹੈ, ਦੇ ਹਵਾਲੇ ਨਾਲ਼ ਆਪਣੇ ਪਰਿਵਾਰ ਦੀ ਪਰੰਪਰਾ ਅਤੇ ਕੀਰਤਨ ਬਾਰੇ ਗੱਲਾਂ ਕੀਤੀਆਂ।
ਨਾਦ ਮਿਊਜ਼ਿਕ ਇੰਸਟੀਚਿਊਟ, ਯੂ. ਐੱਸ. ਏ.  ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦੌਰਾਨ ਆਪਣੀ ਸੰਸਥਾ ਦੇ ਕਾਰਜਾਂ ਦੇ ਹਵਾਲੇ ਨਾਲ਼ ਕਾਨਫ਼ਰੰਸ ਦੇ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ।