
ਘੱਟ ਕੂੜਾ ਪੈਦਾ ਕਰਨਾ ਤੇ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨਾ ਵੀ ਦੇਸ਼ ਭਗਤੀ : ਪ੍ਰੀਤੀ ਯਾਦਵ
ਪਟਿਆਲਾ, 2 ਅਕਤੂਬਰ - ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਮਨਾਇਆ ਗਿਆ 'ਸਵੱਛਤਾ ਹੀ ਸੇਵਾ ਪੰਦਰਵਾੜਾ' ਅੱਜ ਮਹਾਤਮਾ ਗਾਂਧੀ ਜੈਅੰਤੀ ਮਨਾਉਂਦਿਆਂ ਸਵੱਛ ਭਾਰਤ ਦਿਵਸ ਮੌਕੇ ਸਮਾਪਤ ਹੋ ਗਿਆ।
ਪਟਿਆਲਾ, 2 ਅਕਤੂਬਰ - ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਮਨਾਇਆ ਗਿਆ 'ਸਵੱਛਤਾ ਹੀ ਸੇਵਾ ਪੰਦਰਵਾੜਾ' ਅੱਜ ਮਹਾਤਮਾ ਗਾਂਧੀ ਜੈਅੰਤੀ ਮਨਾਉਂਦਿਆਂ ਸਵੱਛ ਭਾਰਤ ਦਿਵਸ ਮੌਕੇ ਸਮਾਪਤ ਹੋ ਗਿਆ।
ਥਾਪਰ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਉਬਰਾਏ ਨੇ ਨਗਰ ਨਿਗਮ, ਸਿਹਤ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਠੋਸ ਕੂੜਾ ਪ੍ਰਬੰਧਨ ਪਲਾਂਟਾਂ ਦੇ ਬਿਹਤਰ ਕੰਮ ਕਰਨ ਵਾਲੇ ਸਫ਼ਾਈ ਯੋਧਿਆਂ, ਸਵੱਛਤਾ ਹੀ ਸੇਵਾ 'ਚ ਆਪਣੀ ਭੂਮਿਕਾ ਨਿਭਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਤੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਨਾਗਰਿਕਾਂ ਨੂੰ ਕਿਹਾ ਕਿ ਇਹ ਵੀ ਦੇਸ਼ ਭਗਤੀ ਹੀ ਹੈ ਕਿ ਅਸੀਂ ਆਪਣੇ ਸਮਾਜ, ਸ਼ਹਿਰ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਬਣਾਉਣ ਲਈ ਕੂੜਾ ਕਰਕਟ ਘੱਟ ਤੋਂ ਘੱਟ ਪੈਦਾ ਕਰੀਏ ਤੇ ਆਪਣੇ ਘਰਾਂ ਵਿੱਚ ਹੀ ਕੂੜੇ ਨੂੰ ਗਿੱਲਾ ਤੇ ਸੁੱਕਾ ਵੱਖੋ-ਵੱਖ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੂੜੇ ਦੇ ਵਾਤਾਵਰਣ ਪੱਖੀ ਨਿਪਟਾਰੇ ਲਈ ਵੀ ਹਰ ਨਾਗਰਿਕ ਆਪਣੀ ਜਿੰਮੇਵਾਰੀ ਨਿਭਾਉਣ ਦੀ ਸਹੁੰ ਜਰੂਰ ਚੁੱਕੇ ਤਾਂ ਕਿ ਕੂੜੇ ਦੇ ਢੇਰ ਲੱਗਣ ਹੀ ਨਾ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਉਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਣਯੋਗ ਕੂੜੇ ਨੂੰ ਘਰਾਂ ਤੋਂ ਹੀ ਵੱਖ-ਵੱਖ ਕਰਨ ਤਾਂ ਕਿ ਇਸਦੀ ਖਾਦ ਬਣਾਈ ਜਾ ਸਕੇ ਤੇ ਪਲਾਸਟਿਕ ਤੇ ਹੋਰ ਸੁੱਕੇ ਕੂੜੇ ਨੂੰ ਰੀਸਾਇਕਲ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਿਪਨ ਸਿੰਗਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ, ਥਾਪਰ ਯੂਨੀਵਰਸਿਟੀ ਤੋਂ ਡਾ. ਅਨੂਪ ਵਰਮਾ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਵਿਦਿਆਰਥੀਆਂ ਦੇ ਮਹਿੰਦੀ ਲਗਾਉਣ, ਰੰਗੋਲੀ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਭਾਗ ਲੈਣ ਵਾਲਿਆਂ ਨੂੰ ਜੈਵਿਕ ਖਾਦ, ਕੱਪੜੇ ਦੇ ਝੋਲੇ, ਕੂੜਾ ਵਸਤਾਂ ਤੋਂ ਬਣਾਏ ਗਮਲੇ ਤੇ ਬੂਟੇ, ਸਰਟੀਫਿਕੇਟ ਵੰਡੇ ਗਏ।
