ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਨਵੰਬਰ (ਪੈਗਾਮ-ਏ-ਜਗਤ):- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਇਮੀਗਲੋਬ ਵੀਜ਼ਾ ਕੰਸਲਟੈਂਟਸ ਫਰਮ ਵੱਲੋਂ ਸਰੰਡਰ ਕੀਤਾ ਗਿਆ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਲਾਇਸੰਸ ਨੰਬਰ 705/ਆਈ.ਸੀ., ਮਿਤੀ 13.08.2024 ਜਾਰੀ ਕੀਤਾ ਗਿਆ ਸੀ। ਇਹ ਲਾਇਸੰਸ ਸ੍ਰੀ ਮਨਪ੍ਰੀਤ ਸਿੰਘ ਗਿੱਲ, ਸ੍ਰੀ ਹਰਵਿੰਦਰ ਸਿੰਘ ਅਤੇ ਸ੍ਰੀਮਤੀ ਮਨਦੀਪ ਕੌਰ ਦੀ ਪਾਰਟਨਰਸ਼ਿਪ ਫਰਮ ਇਮੀਗਲੋਬ ਵੀਜ਼ਾ ਕੰਸਲਟੈਂਟਸ, ਐਸ.ਸੀ.ਐਫ. ਨੰਬਰ 44, ਦੂਜੀ ਮੰਜ਼ਿਲ, ਫੇਜ਼ 3ਬੀ2, ਮੋਹਾਲੀ ਨੂੰ ਕੰਸਲਟੈਂਸੀ ਅਤੇ ਆਈਲੈਟਸ ਕੋਚਿੰਗ ਇੰਸਟੀਚਿਊਟ ਦੇ ਕੰਮਾਂ ਲਈ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 12.08.2029 ਤੱਕ ਸੀ।

ਉਨ੍ਹਾਂ ਦੱਸਿਆ ਕਿ ਲਾਇਸੰਸਧਾਰਕ ਵੱਲੋਂ 09.02.2026 ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਕਤ ਲਾਇਸੰਸ ਸਰੰਡਰ ਕਰਨ ਲਈ ਦਰਖਾਸਤ ਦਿੱਤੀ ਗਈ ਸੀ। ਇਸ ਉਪਰੰਤ ਦਫ਼ਤਰ ਵੱਲੋਂ ਪੱਤਰ ਨੰਬਰ 1377, ਮਿਤੀ 02.03.2026 ਰਾਹੀਂ ਮਾਮਲਾ ਪੜਤਾਲ ਅਤੇ ਰਿਪੋਰਟ ਲਈ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਐਕਟ ਦੀ ਧਾਰਾ 8(2) ਅਨੁਸਾਰ ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਅਤੇ ਉਨ੍ਹਾਂ ਦੀਆਂ ਅਸਲ ਕਾਪੀਆਂ ਸਮੇਤ ਪਾਰਟਨਰਸ਼ਿਪ ਖ਼ਤਮ ਕਰਨ ਸਬੰਧੀ ਡਿਸੋਲੂਸ਼ਨ ਡੀਡ (Dissolution Deed) ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਵੱਲੋਂ ਪੱਤਰ ਨੰਬਰ 71186/ਜੀ/ਏ.ਸੀ.3, ਮਿਤੀ 07.10.2026 ਰਾਹੀਂ ਭੇਜੀ ਗਈ ਰਿਪੋਰਟ ਅਨੁਸਾਰ ਪੜਤਾਲ ਦੌਰਾਨ ਫਰਮ ਦਾ ਦਫ਼ਤਰ ਬੰਦ ਪਾਇਆ ਗਿਆ ਅਤੇ ਸਬੰਧਤ ਲਾਇਸੰਸਧਾਰਕਾਂ ਵਿਰੁੱਧ ਕੋਈ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਈ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਭਵਿੱਖ ਵਿੱਚ ਕੋਈ ਤੱਥ ਸਾਹਮਣੇ ਆਉਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸਧਾਰਕ ਵੱਲੋਂ 13.04.2026 ਨੂੰ ਦੋ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰਾਂ ਦੀਆਂ ਅਸਲ ਕਾਪੀਆਂ ਅਤੇ ਪਾਰਟਨਰਸ਼ਿਪ ਭੰਗ ਕਰਨ ਸਬੰਧੀ ਡਿਸੋਲੂਸ਼ਨ ਡੀਡ ਵੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ। ਦਫ਼ਤਰੀ ਰਿਕਾਰਡ ਅਨੁਸਾਰ ਇਸ ਸਬੰਧੀ ਹੁਣ ਤੱਕ ਫਰਮ ਵਿਰੁੱਧ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ ਉਪਰੋਕਤ ਤੱਥਾਂ ਅਤੇ ਪੜਤਾਲ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 8(1) ਅਧੀਨ ਫਰਮ ਨੂੰ ਲਾਇਸੰਸ ਸਰੰਡਰ ਕਰਨ ਦੀ ਪ੍ਰਵਾਨਗੀ ਦਿੰਦਿਆਂ ਲਾਇਸੰਸ ਨੰਬਰ 705/ਆਈ.ਸੀ., ਮਿਤੀ 13.08.2024 ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।