ਸੰਗਰੂਰ, 26 ਨਵੰਬਰ (ਪੈਗਾਮ-ਏ-ਜਗਤ):- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ, 27 ਨਵੰਬਰ 2026 ਨੂੰ ਰਾਤ 8:00 ਵਜੇ ਤੋਂ 8:10 ਵਜੇ ਤੱਕ ਆਰਮੀ ਕੈਂਟ ਖੇਤਰ ਅਤੇ ਸੰਗਰੂਰ ਸ਼ਹਿਰ ਵਿੱਚ ਸਿਵਲ ਡਿਫੈਂਸ ਬਲੈਕਆਊਟ ਸਬੰਧੀ ਮੌਕ ਡਰਿੱਲ ਕਰਵਾਈ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਰੂਰ ਸ਼ਹਿਰ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ 10 ਮਿੰਟ ਦੀ ਮੌਕ ਡਰਿੱਲ ਦੌਰਾਨ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ, ਵਪਾਰਕ ਅਦਾਰਿਆਂ ਅਤੇ ਹੋਰ ਇਮਾਰਤਾਂ ਦੀਆਂ ਸਾਰੀਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਰੱਖਣ।
ਵਸਨੀਕਾਂ ਨੂੰ ਜਨਰੇਟਰਾਂ ਅਤੇ ਇਨਵਰਟਰਾਂ ਨਾਲ ਚੱਲਣ ਵਾਲੀਆਂ ਲਾਈਟਾਂ ਸਮੇਤ ਰੌਸ਼ਨੀ ਵਾਲੇ ਸਾਈਨ ਬੋਰਡ, ਇਸ਼ਤਿਹਾਰੀ ਬੋਰਡ, ਸਜਾਵਟੀ ਲਾਈਟਾਂ ਅਤੇ ਰੌਸ਼ਨੀ ਦੇ ਹੋਰ ਸਾਰੇ ਸਰੋਤ ਬੰਦ ਕਰਨ ਜਾਂ ਉਨ੍ਹਾਂ ਦੀ ਰੌਸ਼ਨੀ ਨੂੰ ਢੁਕਵੇਂ ਢੰਗ ਨਾਲ ਢਕਣ ਦੀ ਵੀ ਅਪੀਲ ਕੀਤੀ ਗਈ ਹੈ। ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਬਲੈਕਆਊਟ ਸਬੰਧੀ ਹਦਾਇਤਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਜਾ ਰਹੀ ਅਭਿਆਸ ਮੁਹਿੰਮ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਇਰਨ ਦੀ ਆਵਾਜ਼ ਸੁਣਨ ਜਾਂ ਐਮਰਜੈਂਸੀ ਵਾਹਨਾਂ ਅਤੇ ਕਰਮਚਾਰੀਆਂ ਦੀ ਆਵਾਜਾਈ ਦੇਖਣ ’ਤੇ ਲੋਕ ਸ਼ਾਂਤ ਰਹਿਣ, ਕਿਉਂਕਿ ਇਹ ਸਾਰੀਆਂ ਗਤੀਵਿਧੀਆਂ ਮੌਕ ਡਰਿੱਲ ਦਾ ਹਿੱਸਾ ਹੋਣਗੀਆਂ।
ਲੋਕਾਂ ਨੂੰ ਮੌਕ ਡਰਿੱਲ ਦੌਰਾਨ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ, ਪੁਲਿਸ, ਸਿਵਲ ਡਿਫੈਂਸ ਅਤੇ ਹੋਰ ਭਾਗੀਦਾਰ ਟੀਮਾਂ ਨੂੰ ਸਹਿਯੋਗ ਦੇਣ ਅਤੇ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਜਾਂ ਬਿਨਾਂ ਤਸਦੀਕ ਕੀਤੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੌਕ ਡਰਿੱਲ ਨੂੰ ਸੁਰੱਖਿਅਤ, ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਗਰੂਰ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ।
