ਡੇਰਾਬੱਸੀ/ਜ਼ੀਰਕਪੁਰ, 27 ਅਕਤੂਬਰ:- ਜ਼ੀਰਕਪੁਰ ਸ਼ਹਿਰ ਵਿੱਚ ਦਿਨੋ-ਦਿਨ ਗੰਭੀਰ ਹੋ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ ਅਤੇ ਸਤਾਬਗੜ੍ਹ ਕਾਜਵੇਅ ਦੇ ਨਿਰਮਾਣ ਸਬੰਧੀ ਪ੍ਰੋਜੈਕਟ ਅੱਗੇ ਵਧਿਆ ਹੈ। ਇਸ ਪ੍ਰੋਜੈਕਟ ਦੀ ਲਾਗਤ 1.52 ਕਰੋੜ ਰੁਪਏ ਤੈਅ ਕੀਤੀ ਗਈ ਹੈ ਅਤੇ ਇਸ ਸਬੰਧੀ ਟੈਂਡਰ ਜਾਰੀ ਹੋ ਚੁੱਕਾ ਹੈ।
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਂਦਿਆਂ ਕਿਹਾ ਸੀ ਕਿ ਜ਼ੀਰਕਪੁਰ ਵਿੱਚ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਵਧਦੇ ਦਬਾਅ ਨੂੰ ਘਟਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਬਾਕਰਪੁਰ ਤੋਂ ਵਾਇਆ ਈਸਾਪੁਰ ਅਤੇ ਸਤਾਬਗੜ੍ਹ ਕਾਜਵੇਅ ਦਾ ਨਿਰਮਾਣ ਇੱਕ ਮਹੱਤਵਪੂਰਨ ਵਿਕਲਪ ਹੈ।
ਵਿਧਾਇਕ ਰੰਧਾਵਾ ਨੇ ਸਦਨ ਵਿੱਚ ਮੰਤਰੀ ਤੋਂ ਇਸ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਸ਼ੁਰੂ ਕਰਨ ਸਬੰਧੀ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਕਾਜਵੇਅ ਦੇ ਨਿਰਮਾਣ ਲਈ 1.52 ਕਰੋੜ ਰੁਪਏ ਦੀ ਲਾਗਤ ਤੈਅ ਕੀਤੀ ਗਈ ਹੈ ਅਤੇ ਟੈਂਡਰ ਜਾਰੀ ਹੋ ਚੁੱਕਾ ਹੈ। ਇਸ ਪ੍ਰੋਜੈਕਟ ਨੂੰ 31 ਮਾਰਚ 2027 ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਕਾਜਵੇਅ ਦੇ ਨਿਰਮਾਣ ਨਾਲ ਬਾਕਰਪੁਰ, ਈਸਾਪੁਰ, ਸਤਾਬਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਜਾਈ ਸੁਖਾਲੀ ਬਣਾਉਣ ਅਤੇ ਜ਼ੀਰਕਪੁਰ ਦੀ ਟ੍ਰੈਫਿਕ ਸਮੱਸਿਆ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
