ਚੰਡੀਗੜ੍ਹ:- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲਈ ਹੈ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਅਸਮਾਨ ਬੱਦਲਵਾਈ ਵਾਲਾ ਰਿਹਾ ਹੈ ਅਤੇ ਰੁਕ-ਰੁਕ ਕੇ ਹਲਕੀ ਬਾਰਿਸ਼ (ਬੂੰਦਾ-ਬਾਂਦੀ) ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਮੌਸਮ ਕੇਂਦਰ ਨੇ 'ਪੱਛਮੀ ਗੜਬੜੀ' ਦੇ ਪ੍ਰਭਾਵ ਕਾਰਨ 29 ਤੋਂ 31 ਅਕਤੂਬਰ ਤੱਕ ਮੀਂਹ ਅਤੇ ਤੂਫ਼ਾਨੀ ਗਤੀਵਿਧੀਆਂ ਵਧਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ, 'ਪੱਛਮੀ ਗੜਬੜੀ' ਕਾਰਨ ਜੰਮੂ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਘੇਰਾ ਬਣ ਗਿਆ ਹੈ। ਇਸ ਤੋਂ ਇਲਾਵਾ, ਵਾਯੂਮੰਡਲ ਦੇ ਮੱਧ ਪੱਧਰ 'ਤੇ ਇੱਕ ਹੋਰ 'ਪੱਛਮੀ ਗੜਬੜੀ' ਵੀ ਸਰਗਰਮ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਕਾਰਨ ਪੂਰੇ ਖੇਤਰ ਵਿੱਚ ਮੀਂਹ, ਤੂਫ਼ਾਨ ਅਤੇ ਤੇਜ਼ ਹਵਾਵਾਂ ਵਧਣ ਦੀ ਉਮੀਦ ਹੈ।
ਪੰਜਾਬ ਵਿੱਚ 29 ਅਤੇ 30 ਅਕਤੂਬਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 28 ਅਤੇ 31 ਅਕਤੂਬਰ ਨੂੰ ਕੁਝ ਵੱਖ-ਵੱਖ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਹਰਿਆਣਾ ਵਿੱਚ 29 ਅਤੇ 30 ਅਕਤੂਬਰ ਨੂੰ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ, ਜਦਕਿ 28 ਅਤੇ 31 ਅਕਤੂਬਰ ਨੂੰ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਚੰਡੀਗੜ੍ਹ ਵਿੱਚ ਵੀ 29 ਅਤੇ 30 ਅਕਤੂਬਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਥਾਵਾਂ 'ਤੇ ਅੱਜ ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਚੁੱਕਾ ਹੈ।
ਮੌਸਮ ਵਿਭਾਗ ਨੇ 29 ਅਤੇ 30 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਤੇਜ਼ ਹਵਾਵਾਂ, ਮੀਂਹ ਅਤੇ ਗੜ੍ਹੇਮਾਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਦੇ ਨਾਲ-ਨਾਲ ਖੁੱਲ੍ਹੇ ਵਿੱਚ ਪਈਆਂ ਕੱਟੀਆਂ ਹੋਈਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੜ੍ਹੇਮਾਰੀ ਕਾਰਨ ਵਾਹਨਾਂ, ਖਿੜਕੀਆਂ ਅਤੇ ਐਸਬੈਸਟਸ ਸ਼ੀਟਾਂ ਦੀਆਂ ਛੱਤਾਂ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ।
