ਕਰਨਾਲ, 12 ਨਵੰਬਰ (ਪ੍ਰਵੀਣ ਵਾਲੀਆ):- ਸਰਕਾਰੀ ਕੰਨਿਆ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਰੋਡ, ਕਰਨਾਲ ਵਿਖੇ ਵੀਰਵਾਰ ਨੂੰ ਸਮਾਜਿਕ ਸਹਿਯੋਗ ਦੀ ਸ਼ਲਾਘਾਯੋਗ ਪਹਿਲਕਦਮੀ ਤਹਿਤ 50 ਲੋੜਵੰਦ ਵਿਦਿਆਰਥਣਾਂ ਨੂੰ ਬਲੇਜ਼ਰ ਵੰਡੇ ਗਏ। ਸਕੂਲ ਦੀਆਂ ਛੇਵੀਂ ਤੋਂ ਗਿਆਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਸਰਦੀ ਤੋਂ ਬਚਾਉਣ ਲਈ ਇਹ ਬਲੇਜ਼ਰ ਪੰਜ ਸਮਾਜ ਸੇਵੀਆਂ ਵੱਲੋਂ ਦਿੱਤੇ ਗਏ।

ਸਕੂਲ ਦੇ ਪ੍ਰਿੰਸੀਪਲ ਮੋਹਿੰਦਰ ਸਿੰਘ ਨਰਵਾਲ ਨੇ ਦੱਸਿਆ ਕਿ ਇਸ ਨੇਕ ਕਾਰਜ ਵਿੱਚ ਐਡਵੋਕੇਟ ਜੰਗਸ਼ੇਰ ਸਿੰਘ (ਮੈਂਬਰ, ਅਭਿਵਕਤਾ ਪਰਿਸ਼ਦ), ਲਾਜਪਤ ਰਾਏ ਗਰਗ, ਮਨਦੀਪ ਸਿੰਘ, ਦੀਪਕ ਪੋਸਵਾਲ ਅਤੇ ਸੰਜੀਵ ਕੁਮਾਰ ਨੇ ਸਹਿਯੋਗ ਦਿੱਤਾ। ਉਨ੍ਹਾਂ ਨੇ ਆਪਣੇ ਹੱਥੀਂ ਲੋੜਵੰਦ ਵਿਦਿਆਰਥਣਾਂ ਨੂੰ ਬਲੇਜ਼ਰ ਵੰਡੇ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਬੱਚਿਆਂ ਦੀ ਮਦਦ ਲਈ ਅੱਗੇ ਆਏ।

ਪ੍ਰਿੰਸੀਪਲ ਮੋਹਿੰਦਰ ਸਿੰਘ ਨਰਵਾਲ ਨੇ ਕਿਹਾ ਕਿ ਸਕੂਲ ਵਿੱਚ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਮਰੱਥ ਵਿਅਕਤੀ ਅਤੇ ਸੰਸਥਾ ਨੂੰ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੜਾਕੇ ਦੀ ਸਰਦੀ ਵਿੱਚ ਕੀਤਾ ਗਿਆ ਇਹ ਛੋਟਾ ਜਿਹਾ ਉਪਰਾਲਾ ਵਿਦਿਆਰਥਣਾਂ ਨੂੰ ਨਿਯਮਿਤ ਤੌਰ ’ਤੇ ਸਕੂਲ ਆਉਣ ਅਤੇ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕਰੇਗਾ।

ਉਨ੍ਹਾਂ ਇਸ ਨੇਕ ਉਪਰਾਲੇ ਲਈ ਸਾਰੇ ਸਮਾਜ ਸੇਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਬਿਹਤਰ ਵਿਦਿਅਕ ਮਾਹੌਲ ਮੁਹੱਈਆ ਕਰਵਾਇਆ ਜਾ ਸਕਦਾ ਹੈ।

ਪ੍ਰੋਗਰਾਮ ਦਾ ਮੰਚ ਸੰਚਾਲਨ ਪੀ.ਜੀ.ਟੀ. ਹੋਮ ਸਾਇੰਸ ਰਾਜਮੀਤ ਕੌਰ ਨੇ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥਣਾਂ ਹਾਜ਼ਰ ਸਨ।