ਹੁਸ਼ਿਆਰਪੁਰ- ਵਿਸ਼ਵਕਰਮਾ ਦਿਵਸ ਦੇ ਮੌਕੇ ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਆਯੋਜਿਤ ਸਮਾਗਮਾਂ ਵਿਚ ਹਿੱਸਾ ਲਿਆ। ਉਨ੍ਹਾਂ ਪਿੰਡ ਠਰੋਲੀ, ਡੱਲੇਵਾਲ, ਬੂਥਗੜ੍ਹ ਅਤੇ ਲੇਬਰ ਸ਼ੈੱਡ ਘੰਟਾ ਘਰ ਵਿਖੇ ਸਮਾਗਮਾਂ ਵਿਚ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਵਿਧਾਇਕ ਜਿੰਪਾ ਨੇ ਆਪਣੇ ਸੰਬੋਧਨਾਂ ਵਿਚ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਬ੍ਰਹਿਮੰਡ ਦੇ ਪਹਿਲੇ ਸ਼ਿਲਪਕਾਰ ਅਤੇ ਤਕਨੀਕੀ ਗਿਆਨ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਨਾ ਸਿਰਫ਼ ਸ਼ਰਧਾ ਦੇ ਤਿਉਹਾਰ ਵਜੋਂ, ਸਗੋਂ ਕਿਰਤ, ਰਚਨਾਤਮਕਤਾ ਅਤੇ ਹੁਨਰ ਦਾ ਮਹੱਤਵ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਜ਼ਦੂਰ ਸਾਡੇ ਸਮਾਜ ਦਾ ਇਕ ਥੰਮ੍ਹ ਹੈ ਅਤੇ ਸੂਬਾ ਸਰਕਾਰ ਮਜ਼ਦੂਰ ਵਰਗ ਨੂੰ ਉੱਚਾ ਚੁੱਕਣ ਅਤੇ ਸਤਿਕਾਰ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਵਿਕਾਸ ਕਾਰਜ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਲੋਕ ਸੇਵਾ ਹੀ ਉਨ੍ਹਾਂ ਦਾ ਇਕੋ-ਇਕ ਉਦੇਸ਼ ਹੈ। ਵਿਧਾਇਕ ਨੇ ਕਿਹਾ ਕਿ ਉਹ ਜਨਤਾ ਦੇ ਸਹਿਯੋਗ ਨਾਲ ਹਰ ਖੇਤਰ ਵਿਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਵਿਧਾਇਕ ਨੇ ਵਿਸ਼ਵਕਰਮਾ ਦਿਵਸ 'ਤੇ ਸਾਰੇ ਲੋਕਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਿਰਫ਼ ਉਹੀ ਸਮਾਜ ਪ੍ਰਗਤੀਸ਼ੀਲ ਬਣਦਾ ਹੈ, ਜੋ ਕਿਰਤ ਦਾ ਸਤਿਕਾਰ ਕਰਦਾ ਹੈ।
ਸਮਾਗਮਾਂ ਦੌਰਾਨ ਮੇਅਰ ਸੁਰਿੰਦਰ ਕੁਮਾਰ, ਕੁਲਵਿੰਦਰ ਸਿੰਘ ਹੁੰਦਲ, ਵਰਿੰਦਰ ਵੈਦ, ਪਵਨ ਕੁਮਾਰ (ਛਾਉਣੀ ਕਲਾਂ), ਹਰਵਿੰਦਰ ਸਿੰਘ ਡਿੰਪੀ ਅਤੇ ਰਵੀ ਕੁਮਾਰ ਸਮੇਤ ਕਈ ਪਤਵੰਤੇ ਮੌਜੂਦ ਸਨ।
ਮਿਹਨਤ ਰਚਨਾਤਮਕਤਾ ਤੇ ਹੁਨਰ ਦਾ ਮਹੱਤਵ ਦਰਸਾਉਂਦਾ ਹੈ ਵਿਸ਼ਵਕਰਮਾ ਦਿਵਸ ਬ੍ਰਮ ਸ਼ੰਕਰ ਜਿੰਪਾ
