ਲੁਧਿਆਣਾ, 17 ਨਵੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦਾ 15ਵਾਂ ਯੁਵਕ ਮੇਲਾ 'ਯੁਵ-ਤਰੰਗ 2026', ਗਿਆਨ ਦੇ ਆਦਾਨ-ਪ੍ਰਦਾਨ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਯੁਵਕ ਮੇਲੇ ਦੇ 'ਆਫ-ਸਟੇਜ' (ਮੰਚ ਤੋਂ ਬਾਹਰਲੇ) ਪੜਾਅ ਦਾ ਉਦਘਾਟਨ ਕੀਤਾ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਉਨ੍ਹਾਂ ਦੇ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਹੁੰਦਾ ਹੈ। ਇਸ ਮੌਕੇ ਡਾ. ਗਿੱਲ ਦੀ ਧਰਮ ਪਤਨੀ ਸ਼੍ਰੀਮਤੀ ਪਵਨਜੀਤ ਕੌਰ ਗਿੱਲ ਵੀ ਮੌਜੂਦ ਸਨ।

ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ, ਕੈਨੇਡਾ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਕੋਛੜ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਪਲ ਉਨ੍ਹਾਂ ਲਈ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਵਾਲੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਬਿਤਾਏ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕੀਤਾ। ਡਾ. ਹਰਪ੍ਰੀਤ ਸਿੰਘ ਦੀ ਧਰਮ ਪਤਨੀ ਡਾ. ਕੰਵਲ ਕੋਛੜ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।

ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਲਈ ਆਪਣੇ ਅੰਦਰੂਨੀ ਭਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਢੁਕਵਾਂ ਜ਼ਰੀਆ ਹਨ। ਯੂਨੀਵਰਸਿਟੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ।

ਡਾ. ਏ.ਕੇ. ਅਰੋੜਾ, ਵੈਟਨਰੀ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ (ਸੇਵਾ-ਮੁਕਤ), ਕੋਮਲ ਕਲਾਵਾਂ ਦੇ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਸਨ, ਜਦਕਿ ਡਾ. ਏ.ਪੀ.ਐਸ. ਬਰਾੜ, ਪ੍ਰੋਫੈਸਰ (ਸੇਵਾ-ਮੁਕਤ), ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਤਕ ਮੁਕਾਬਲਿਆਂ ਦੇ ਸੈਸ਼ਨ ਵਿੱਚ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਅਤੇ ਕੰਪਟਰੋਲਰ ਡਾ. ਨਿਰਭੈ ਕੁਮਾਰ ਸਿੰਘ ਕ੍ਰਮਵਾਰ ਭਾਸ਼ਣ ਅਤੇ ਬਹਿਸ ਮੁਕਾਬਲਿਆਂ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਸਨ।

ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਚਾਰ ਮੁੱਖ ਵਰਗ ਸ਼ਾਮਲ ਸਨ: ਫੋਟੋਗ੍ਰਾਫੀ, ਪੋਸਟਰ ਮੇਕਿੰਗ, ਭਾਸ਼ਣ ਅਤੇ ਬਹਿਸ। ਪੋਸਟਰ ਮੇਕਿੰਗ ਦਾ ਵਿਸ਼ਾ 'ਚਿੱਟੀ ਕ੍ਰਾਂਤੀ' ਸੀ।

ਫੋਟੋਗ੍ਰਾਫੀ ਮੁਕਾਬਲੇ ਦਾ ਵਿਸ਼ਾ 'ਜਾਨਵਰਾਂ ਦੀਆਂ ਅੱਖਾਂ ਦੀ ਖ਼ੂਬਸੂਰਤੀ' ਸੀ, ਭਾਸ਼ਣ ਮੁਕਾਬਲੇ ਲਈ ਵਿਸ਼ਾ 'ਇਕੱਲੇਪਨ ਦੀ ਮਹਾਂਮਾਰੀ' ਸੀ ਅਤੇ ਬਹਿਸ ਮੁਕਾਬਲੇ ਲਈ ਵਿਸ਼ਾ 'ਕਿਸੇ ਦੇਸ਼ ਦੀ ਤਰੱਕੀ ਭਵਿੱਖ ਦੀ ਨਹੀਂ, ਸਗੋਂ ਵਰਤਮਾਨ ਦੀ ਨੌਜਵਾਨ ਪੀੜ੍ਹੀ 'ਤੇ ਨਿਰਭਰ ਕਰਦੀ ਹੈ' ਸੀ।

ਕੱਲ੍ਹ, 18 ਨਵੰਬਰ ਨੂੰ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਵਿਖੇ ਦਸਤਾਰ ਸਜਾਉਣ (ਸਵੇਰੇ 09:00 ਵਜੇ), ਕਵਿਤਾ ਪਾਠ (ਸਵੇਰੇ 09:30 ਵਜੇ), ਹਾਸ-ਰਸ (ਸਵੇਰੇ 11:00 ਵਜੇ) ਅਤੇ ਕੁਇਜ਼ (ਦੁਪਹਿਰ 02:00 ਵਜੇ) ਦੇ ਮੁਕਾਬਲੇ ਕਰਵਾਏ ਜਾਣਗੇ।

ਨਤੀਜੇ:

ਫੋਟੋਗ੍ਰਾਫੀ:

  1. ਧਰੁਵ ਗਰਗ, ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ
  2. ਅਨਮੋਲ ਕੌਰ, ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ
  3. ਪਰਮਨੂਰ ਸਿੰਘ, ਖਾਲਸਾ ਕਾਲਜ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ

ਪੋਸਟਰ ਮੇਕਿੰਗ:

  1. ਗੁਰਵੀਨ ਕੌਰ, ਖਾਲਸਾ ਕਾਲਜ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
  2. ਪੁਨੀਤ ਰੇਹਾਨ, ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
  3. ਸ਼ਿਵਮ, ਖਾਲਸਾ ਕਾਲਜ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ

ਭਾਸ਼ਣ:


  1. ਮਿਲੀ ਬਜਾਜ, ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ
  2. ਵਿਭਾਸ ਗਾਂਧੀ, ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
  3. ਅਮਾਨਤ ਕੌਰ, ਫਿਸ਼ਰੀਜ਼ ਕਾਲਜ

ਬਹਿਸ ਮੁਕਾਬਲਾ:

  1. ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ
  2. ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
  3. ਕਾਲਜ ਆਫ਼ ਫਿਸ਼ਰੀਜ਼