ਲੁਧਿਆਣਾ, 7 ਨਵੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੋਜਿਸਟਸ ਦੇ 8ਵੇਂ ਸੰਮੇਲਨ ਵਿੱਚ ਕਈ ਵੱਕਾਰੀ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਹ ਸਨਮਾਨ ਮਹਾਰਾਸ਼ਟਰ ਦੇ ਪਰਭਣੀ ਵਿਖੇ “ਟਿਕਾਊ ਅਤੇ ਨਵੀਨਤਾਕਾਰੀ ਭੋਜਨ ਅਤੇ ਮੀਟ ਪ੍ਰਣਾਲੀਆਂ: ਵਿਕਸਿਤ ਭਾਰਤ ਲਈ ਸੁਰੱਖਿਆ ਅਤੇ ਪੌਸ਼ਟਿਕਤਾ ਪ੍ਰਤੀ ਵਨ ਹੈਲਥ (ਇੱਕ ਸਿਹਤ) ਪਹੁੰਚ” ਵਿਸ਼ੇ ’ਤੇ ਹੋਈ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਾਪਤ ਕੀਤੇ ਗਏ।

ਡਾ. ਰਾਜੇਸ਼ ਵੀ. ਵਾਘ ਨੂੰ ਮੀਟ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਦਿੱਤੇ ਗਏ ਯੋਗਦਾਨ ਬਦਲੇ, ਚੇਨਈ ਸਥਿਤ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੋਜਿਸਟਸ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।

ਡਾ. ਵਾਘ ਦੀ ਅਗਵਾਈ ਹੇਠ ਪੋਸਟ-ਗ੍ਰੈਜੂਏਟ ਵਿਦਿਆਰਥੀ ਡਾ. ਰੁਸ਼ੀਕੇਸ਼ ਪਾਟਿਲ ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਕਾਰਜ ਲਈ “ਸਰਵਉੱਤਮ ਐਮ.ਵੀ.ਐਸ.ਸੀ. ਥੀਸਿਸ ਅਵਾਰਡ” ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ, ਰਵਨੀਤ ਕੌਰ, ਰੁਸ਼ੀਕੇਸ਼ ਪਾਟਿਲ ਅਤੇ ਦੀਪਿਕਾ ਜਮਾਦਾਰ ਨੇ “ਸਰਵਉੱਤਮ ਮੌਖਿਕ ਪੇਸ਼ਕਾਰੀ ਅਤੇ ਪੋਸਟਰ ਪੇਸ਼ਕਾਰੀ” ਦੇ ਪੁਰਸਕਾਰ ਹਾਸਲ ਕੀਤੇ, ਜੋ ਉਨ੍ਹਾਂ ਦੀ ਖੋਜ ਦੀ ਉੱਚ ਗੁਣਵੱਤਾ ਨੂੰ ਦਰਸਾਉਂਦੇ ਹਨ।

ਡਾ. ਰਾਜੇਸ਼ ਨੇ ਸਮਾਰਟਬਾਇਓਪੈਕ (SmartBioPack) ਪ੍ਰੋਜੈਕਟ ਤਹਿਤ ਕੀਤੀ ਗਈ ਆਪਣੀ ਖੋਜ ਲਈ “ਸਰਵਉੱਤਮ ਮੌਖਿਕ ਪੇਸ਼ਕਾਰੀ ਸਨਮਾਨ” ਵੀ ਜਿੱਤਿਆ। ਇਸ ਪ੍ਰੋਜੈਕਟ ਨੂੰ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ANRF) ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਉਹ ਡਾ. ਹੁਸਨਦੀਪ ਸਿੰਘ ਅਤੇ ਡਾ. ਅਪੂਰਵਾ ਸ਼ੇਖਰ ਦੇ ਨਾਲ ਸਹਿ-ਲੇਖਕ ਸਨ। ਇਹ ਪ੍ਰੋਜੈਕਟ ਪਸ਼ੂਧਨ ਉਤਪਾਦਾਂ ਲਈ ਨਵੀਨਤਾਕਾਰੀ, ਟਿਕਾਊ ਅਤੇ ਸਮਾਰਟ ਪੈਕੇਜਿੰਗ ਹੱਲ ਵਿਕਸਿਤ ਕਰਨ ’ਤੇ ਕੇਂਦਰਿਤ ਹੈ, ਜੋ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਭੋਜਨ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ।

ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਨਿਤਿਨ ਮਹਿਤਾ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਅਤੇ ਗੁਣਵੱਤਾ ਭਰਪੂਰ ਖੋਜ ਸਬੰਧੀ ਵਿਭਾਗ ਦੇ ਯੋਗਦਾਨ ’ਤੇ ਚਾਨਣਾ ਪਾਇਆ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਖੋਜ ਸਾਖ ਵਧਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ।

ਵੈਟਨਰੀ ਸਾਇੰਸ ਕਾਲਜ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਖੋਜ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭੋਜਨ ਪੈਕੇਜਿੰਗ ਅਤੇ ਪਸ਼ੂਧਨ ਉਤਪਾਦਾਂ ਦੀ ਗੁਣਵੱਤਾ ਨਾਲ ਜੁੜੀਆਂ ਉੱਭਰ ਰਹੀਆਂ ਚੁਣੌਤੀਆਂ ਦੇ ਹੱਲ ਲਈ ਨਵੀਨਤਾਕਾਰੀ ਅਤੇ ਵਿਹਾਰਕ ਖੋਜ ਦੀ ਮਹੱਤਤਾ ਨੂੰ ਉਜਾਗਰ ਕੀਤਾ।