ਲੁਧਿਆਣਾ, 21 ਨਵੰਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨੋਲੋਜੀ (ਸੀ.ਡੀ.ਐੱਫ.ਐੱਸ.ਟੀ.) ਵੱਲੋਂ ਰਾਸ਼ਟਰੀ ਦੁੱਧ ਦਿਵਸ 2026 ਮੌਕੇ ਵਿਦਿਅਕ, ਵਿਗਿਆਨਕ ਅਤੇ ਜਾਗਰੂਕਤਾ ਨਾਲ ਸਬੰਧਤ ਗਤੀਵਿਧੀਆਂ ਦੀ ਲੜੀ ਕਰਵਾਈ ਜਾਵੇਗੀ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਦੁੱਧ ਦੀ ਗੁਣਵੱਤਾ, ਸ਼ੁੱਧਤਾ, ਖੁਰਾਕ ਸੁਰੱਖਿਆ ਅਤੇ ਖਪਤਕਾਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸਮਾਗਮ ਲੜੀ ਤਹਿਤ ਕਾਲਜ ਵੱਲੋਂ 19 ਤੋਂ 26 ਨਵੰਬਰ, 2026 ਤੱਕ ਦੁੱਧ ਵਿੱਚ ਮਿਲਾਵਟ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ ਹੀ 25 ਨਵੰਬਰ ਨੂੰ ਐਕਸਪੈਰੀਮੈਂਟਲ ਡੇਅਰੀ ਪਲਾਂਟ (ਈ.ਡੀ.ਪੀ.) ਦੇ ਕਰਮਚਾਰੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾਵੇਗਾ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ.) ਦੇ ਹਰਿਆਣਾ ਸ਼ਾਖਾ ਦਫ਼ਤਰ ਦੀ ਵਿਗਿਆਨੀ-ਈ ਅਤੇ ਡਾਇਰੈਕਟਰ ਸ਼੍ਰੀਮਤੀ ਨਵਿਤਾ ਯਾਦਵ ਦੁੱਧ ਦੀ ਗੁਣਵੱਤਾ, ਸੁਰੱਖਿਆ ਅਤੇ ਮਿਆਰਾਂ ਬਾਰੇ ਵਿਸ਼ੇਸ਼ ਭਾਸ਼ਣ ਦੇਣਗੇ। ਇਸ ਮੌਕੇ “ਮਿਲਕ ਪ੍ਰੋਟੀਨ ਐਂਡ ਹੈਲਥ” ਵਿਸ਼ੇ 'ਤੇ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਕਾਲਜ ਵੱਲੋਂ ਇਸ ਮੌਕੇ ਆਪਣਾ “ਪ੍ਰੋਬਾਇਓਟਿਕ ਦਹੀਂ” ਵੀ ਲਾਂਚ ਕੀਤਾ ਜਾਵੇਗਾ।

ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੁਫ਼ਤ ਜਾਂਚ ਲਈ ਲਗਭਗ 100 ਮਿਲੀਲੀਟਰ ਕੱਚਾ (ਬਿਨਾਂ ਉਬਾਲਿਆ) ਦੁੱਧ ਇੱਕ ਸਾਫ਼ ਬੋਤਲ ਵਿੱਚ ਪਾ ਕੇ ਸੀ.ਡੀ.ਐੱਫ.ਐੱਸ.ਟੀ. ਦੇ ਡੇਅਰੀ ਕੈਮਿਸਟਰੀ ਵਿਭਾਗ ਵਿੱਚ ਲੈ ਕੇ ਆਉਣ। ਇਸ ਉਪਰਾਲੇ ਦਾ ਮਕਸਦ ਦੁੱਧ ਵਿੱਚ ਮਿਲਾਵਟ ਬਾਰੇ ਜਾਗਰੂਕਤਾ ਵਧਾਉਣਾ ਅਤੇ ਖਪਤਕਾਰਾਂ ਨੂੰ ਸਹੀ ਜਾਣਕਾਰੀ ਦੇ ਆਧਾਰ 'ਤੇ ਫ਼ੈਸਲੇ ਲੈਣ ਵਿੱਚ ਮਦਦ ਕਰਨਾ ਹੈ।

ਈ.ਡੀ.ਪੀ. ਦੇ ਕਰਮਚਾਰੀਆਂ ਲਈ ਜਾਗਰੂਕਤਾ ਪ੍ਰੋਗਰਾਮ ਦੌਰਾਨ ਦੁੱਧ ਨੂੰ ਸਾਫ਼-ਸੁਥਰੇ ਢੰਗ ਨਾਲ ਸੰਭਾਲਣ, ਸੁਰੱਖਿਅਤ ਪ੍ਰੋਸੈਸਿੰਗ ਤਰੀਕਿਆਂ ਅਤੇ ਗੁਣਵੱਤਾ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ।

ਸੀ.ਡੀ.ਐੱਫ.ਐੱਸ.ਟੀ. ਦੇ ਡੀਨ ਡਾ. ਐਸ.ਪੀ.ਐਸ. ਘੁੰਮਣ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਉਦੇਸ਼ ਖਪਤਕਾਰਾਂ, ਵਿਦਿਆਰਥੀਆਂ, ਡੇਅਰੀ ਮਾਹਿਰਾਂ ਅਤੇ ਪਲਾਂਟ ਕਰਮਚਾਰੀਆਂ ਨੂੰ ਇੱਕ ਮੰਚ 'ਤੇ ਲਿਆ ਕੇ ਦੁੱਧ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਵਿਗਿਆਨਕ ਸਮਝ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਖਪਤਕਾਰਾਂ ਦਾ ਭਰੋਸਾ ਮਜ਼ਬੂਤ ਕਰਨ ਅਤੇ ਡੇਅਰੀ ਖੇਤਰ ਵਿੱਚ ਸੁਰੱਖਿਅਤ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਹਨ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐਸ. ਗਿੱਲ ਨੇ ਸਾਰੇ ਸਬੰਧਤ ਧਿਰਾਂ ਨੂੰ ਇਨ੍ਹਾਂ ਸਮਾਗਮਾਂ ਨੂੰ ਸਾਰਥਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਖੁਰਾਕ ਸੁਰੱਖਿਆ, ਵਿਗਿਆਨਕ ਜਾਗਰੂਕਤਾ ਅਤੇ ਖਪਤਕਾਰਾਂ ਦੀ ਭਲਾਈ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।