ਲੁਧਿਆਣਾ 08 ਜੂਨ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ "ਪਾਲਤੂ ਜਾਨਵਰਾਂ ਅਤੇ ਪਸ਼ੂਆਂ ਵਿੱਚ ਖੂਨ ਚੜ੍ਹਾਉਣ ਸੰਬੰਧੀ ਵਿਹਾਰਕ ਪਹੁੰਚ" ਵਿਸ਼ੇ 'ਤੇ ਇੱਕ-ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ। ਵੈਟਨਰੀ ਮੈਡੀਸਨ ਵਿਭਾਗ ਵੱਲੋਂ ਕਰਵਾਈ ਇਸ ਕਾਰਜਸ਼ਾਲਾ ਵਿੱਚ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਵੈਟਨਰੀ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਸੀ।
ਡਾ. ਸੁਸ਼ਮਾ ਛਾਬੜਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ ਨੇ ਦੱਸਿਆ ਕਿ ਵੈਟਨਰੀ ਐਮਰਜੈਂਸੀ ਦੇਖਭਾਲ ਵਿੱਚ ਖੂਨ ਚੜ੍ਹਾਉਣ ਨੂੰ ਜੀਵਨ-ਰੱਖਿਅਕ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਦੁਰਘਟਨਾਵਾਂ, ਸਰਜਰੀ, ਪਰਜੀਵੀ ਲਾਗ , ਜ਼ਹਿਰਬਾਦ, ਖੂਨ ਦੀਆਂ ਬਿਮਾਰੀਆਂ ਅਤੇ ਖੂਨ ਦੀ ਕਮੀ ਤੋਂ ਪ੍ਰਭਾਵਿਤ ਜਾਨਵਰਾਂ ਨੂੰ ਤੁਰੰਤ ਖੂਨ ਚੜ੍ਹਾਉਣ ਦੀ ਸਹਾਇਤਾ ਦੀ ਲੋੜ ਹੁੰਦੀ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਸ ਕਿਸਮ ਦੇ ਸਮਰੱਥਾ-ਨਿਰਮਾਣ ਪ੍ਰੋਗਰਾਮ ਪਸ਼ੂਆਂ ਦੇ ਡਾਕਟਰਾਂ ਨੂੰ ਉੱਨਤ ਕਲੀਨਿਕਲ ਹੁਨਰਾਂ ਨਾਲ ਸਿੱਖਿਅਤ ਕਰਨ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਵੈਟਨਰੀ ਸੇਵਾਵਾਂ ਦੀ ਮੰਗ ਐਮਰਜੈਂਸੀ ਦਵਾਈ ਅਤੇ ਦੇਖਭਾਲ ਦੇ ਮਹੱਤਵਪੂਰਨ ਖੇਤਰਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਸਿਖਲਾਈ ਪ੍ਰੋਗਰਾਮ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਪਸ਼ੂਆਂ ਦੇ ਡਾਕਟਰ ਆਧੁਨਿਕ ਨਿਰੀਖਣ ਅਤੇ ਇਲਾਜ ਤਕਨੀਕਾਂ ਨਾਲ ਜੁੜੇ ਰਹਿਣ, ਜਿਸ ਨਾਲ ਜਾਨਵਰਾਂ ਦੀ ਭਲਾਈ ਵਿੱਚ ਸੁਧਾਰ, ਪਸ਼ੂਆਂ ਦੀ ਉਤਪਾਦਕਤਾ ਵਿੱਚ ਵਾਧਾ ਅਤੇ ਪਾਲਤੂ ਜਾਨਵਰਾਂ ਅਤੇ ਫਾਰਮਾਂ ਦੇ ਜਾਨਵਰਾਂ ਲਈ ਬਿਹਤਰ ਸਿਹਤ ਸੰਭਾਲ ਨਤੀਜੇ ਪ੍ਰਾਪਤ ਹੋ ਸਕਣ।
ਪ੍ਰਤੀਭਾਗੀਆਂ ਨੂੰ ਮਾਹਰ ਲੈਕਚਰ ਦਿੱਤੇ ਗਏ ਅਤੇ ਨਾਲ ਹੀ ਖੂਨਦਾਨੀ ਦੀ ਚੋਣ, ਖੂਨ ਲੈਣ ਦੀਆਂ ਤਕਨੀਕਾਂ, ਖੂਨ ਸਮੂਹੀਕਰਨ ਅਤੇ ਖੂਨ ਮਿਲਾਨ ਪ੍ਰਕਿਰਿਆਵਾਂ, ਖੂਨ ਉਤਪਾਦ ਸਟੋਰੇਜ ਅਤੇ ਸੁਰੱਖਿਅਤ ਖੂਨ ਚੜ੍ਹਾਉਣ ਦੇ ਅਭਿਆਸਾਂ ਸੰਬੰਧੀ ਵਿਹਾਰਕ ਸੈਸ਼ਨ ਕਰਵਾਏ ਗਏ ।
ਖੂਨ ਚੜ੍ਹਾਉਣ ਸਹੂਲਤ ਦੀ ਇੰਚਾਰਜ ਡਾ. ਸੁਜਾਤਾ ਤੁਰਕਰ ਨੇ ਜਾਨਵਰਾਂ ਲਈ ਸਵੈ-ਇੱਛਤ ਖੂਨਦਾਨ ਦੀ ਲੋੜ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ, ਜਿਨ੍ਹਾਂ ਕੋਲ ਸਿਹਤਮੰਦ ਬਾਲਗ ਕੁੱਤੇ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਸਵੈ-ਇੱਛਤ ਦਾਨੀਆਂ ਵਜੋਂ ਰਜਿਸਟਰ ਕਰਨ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਵੈਟਨਰੀ ਹਸਪਤਾਲਾਂ ਵਿੱਚ ਖੂਨ ਚੜ੍ਹਾਉਣ ਦੀਆਂ ਸੇਵਾਵਾਂ ਦੀ ਵੱਧ ਰਹੀ ਲੋੜ 'ਤੇ ਜ਼ੋਰ ਦਿੱਤਾ, ਉਨ੍ਹਾਂ ਪੇਚੀਦਗੀਆਂ ਨੂੰ ਘਟਾਉਣ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਖੂਨ ਚੜ੍ਹਾਉਣ ਦੀ ਸਹੀ ਪ੍ਰਕਿਰਿਆ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੈਟਨਰੀ ਅਫਸਰਾਂ ਨੂੰ ਰਾਜ ਭਰ ਵਿੱਚ ਪਸ਼ੂ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਕਾਰਜਸ਼ਾਲਾ ਦੌਰਾਨ ਪ੍ਰਾਪਤ ਕੀਤੇ ਗਿਆਨ ਅਤੇ ਹੁਨਰਾਂ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ।
ਵੈਟਨਰੀ ਯੂਨੀਵਰਸਿਟੀ ਨੇ ਜਾਨਵਰਾਂ ਵਿੱਚ ਖੂਨ ਚੜ੍ਹਾਉਣ ਬਾਰੇ ਮੋਢੀ ਕਾਰਜਸ਼ਾਲਾ ਦਾ ਕੀਤਾ ਆਯੋਜਨ
