ਪਟਿਆਲਾ, 26 ਜੁਲਾਈ 2026:- ਬਰਨਾਲਾ ਵਿਖੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਭਗਵਾਨ ਵਾਲਮੀਕਿ ਸੇਵਾ ਮੰਚ ਵੱਲੋਂ ਲਾਹੋਰੀ ਗੇਟ ਚੌਂਕ ਵਿਖੇ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਮੰਚ ਦੇ ਪ੍ਰਧਾਨ ਰਾਜੇਸ਼ ਬੱਗਣ, ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਨਰੇਸ਼ ਕੁਮਾਰ ਨਿੰਦੀ, ਭਾਵਾਧਸ (ਭੀਮ) ਦੇ ਜ਼ਿਲ੍ਹਾ ਪ੍ਰਧਾਨ ਅਰੁਣ ਧਾਲੀਵਾਲ ਅਤੇ ਆਦਿ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਅਛੂਤ ਨੇ ਕੀਤੀ।
ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਰਨਾਲਾ ਦੇ ਡੀਐੱਸਪੀ ਸਤਵੀਰ ਸਿੰਘ ਬੈਂਸ ਅਤੇ ਐੱਸਐੱਚਓ ਦਾ ਸਾਂਝਾ ਪੁਤਲਾ ਫੂਕ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਬੁੱਡਲਾਨ, ਸ਼ੱਮੀ ਸੌਦੇ, ਵਿਜੇ ਸੰਗਰ ਅਤੇ ਐੱਸਸੀ-ਬੀਸੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜਤਿੰਦਰ ਧਾਰੀਵਾਲ ਵੀ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਬੱਗਣ, ਨਰੇਸ਼ ਕੁਮਾਰ ਨਿੰਦੀ, ਅਰੁਣ ਧਾਲੀਵਾਲ, ਲਵਲੀ ਅਛੂਤ ਅਤੇ ਸੁਨੀਲ ਬੁੱਡਲਾਨ ਨੇ ਪੰਜਾਬ ਸਰਕਾਰ ਅਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਬਰਨਾਲਾ ਵਿੱਚ ਧਰਨਾਕਾਰੀ ਸਫ਼ਾਈ ਕਰਮਚਾਰੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ 19 ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਵੀ ਸ਼ਾਮਲ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਮਹਿਲਾਵਾਂ ਪੁਲਿਸ ਕਾਰਵਾਈ ਤੋਂ ਬਚਣ ਲਈ ਨਜ਼ਦੀਕੀ ਦੁਕਾਨਾਂ ਅਤੇ ਇੱਕ ਧਰਮਸ਼ਾਲਾ ਵਿੱਚ ਸ਼ਰਨ ਲੈਣ ਲਈ ਗਈਆਂ ਤਾਂ ਉੱਥੇ ਵੀ ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਝ ਪੁਲਿਸ ਕਰਮਚਾਰੀਆਂ ਨੇ ਸਫ਼ਾਈ ਕਰਮਚਾਰੀਆਂ ਨਾਲ ਜਾਤੀ-ਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਗਾਲੀ-ਗਲੋਚ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਐੱਸਸੀ/ਐੱਸਟੀ (ਅਤਿਆਚਾਰ ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਸ ਮੌਕੇ ਮੋਹਨ ਲਾਲ ਅੱਟਵਾਲ, ਰਾਜੇਸ਼ ਲਾਡੀ, ਜੀਵਨ ਲਾਲ ਪੇਮੀ, ਰਾਜਿੰਦਰ ਮੱਟੂ, ਆਸ਼ੂ ਸਹੋਤਾ, ਸੰਨੀ ਮੱਟੂ, ਰੋਸ਼ਨ ਲਾਲ, ਖੁਸ਼ ਲਾਲ, ਸਰਵਜੀਤ, ਕੁਸ਼ਵਿੰਦਰ ਕਲਿਆਣ, ਰਾਜੀਵ ਬੋਬੀ, ਜ਼ੋਨੀ ਅੱਟਵਾਲ, ਵਿਨੋਦ ਕੁਮਾਰ, ਜਸਵਿੰਦਰ ਬੋਬੀ, ਦੀਪਕ ਸੰਗਰ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।
ਬਰਨਾਲਾ ਲਾਠੀਚਾਰਜ ਮਾਮਲੇ ਦੇ ਵਿਰੋਧ ਵਿੱਚ ਪਟਿਆਲਾ ਚ ਵਾਲਮੀਕਿ ਭਾਈਚਾਰੇ ਦਾ ਰੋਸ ਪ੍ਰਦਰਸ਼ਨ ਡੀਐੱਸਪੀ ਅਤੇ ਐੱਸਐੱਚਓ ਦਾ ਪੁਤਲਾ ਫੂਕਿਆ
