ਪਟਿਆਲਾ, 2 ਸਤੰਬਰ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਜ਼ਿਲ੍ਹਾ ਇਕਾਈ ਵੱਲੋਂ ਜਨਰਲ ਸਕੱਤਰ ਪੰਜਾਬ ਜ਼ੋਗਾ ਸਿੰਘ ਪਨੌਦਿਆ, ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਅਤੇ ਪਟਿਆਲਾ ਦਿਹਾਤੀ ਇੰਚਾਰਜ ਜਰਨੈਲ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਫੈਕਟਰੀ ਏਰੀਆ ਵਿਖੇ ਜ਼ਿਲ੍ਹਾ ਪੱਧਰ ’ਤੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੈਂਟਰਲ ਇੰਚਾਰਜ ਸੀ.ਪੀ. ਸਿੰਘ ਅਤੇ ਬਸਪਾ ਪੰਜਾਬ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ।
ਇਨ੍ਹਾਂ ਸੀਨੀਅਰ ਆਗੂਆਂ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮਿਸ਼ਨ 2027 ਨੂੰ ਮੁੱਖ ਰੱਖਦਿਆਂ ਬਸਪਾ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਸੀ.ਪੀ. ਸਿੰਘ ਅਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਲਿਆ ਗਿਆ ਹੈ। ਪਾਰਟੀ ਵੱਲੋਂ ਪੰਜਾਬ ਵਿੱਚ ‘ਪੰਜਾਬ ਸੰਭਾਲੋ’ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਰਾਹੀਂ ਬਸਪਾ ਵੱਲੋਂ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ‘ਮਿਸ਼ਨ ਬੇਗਮਪੁਰਾ 2027’ ਤਹਿਤ ਸ਼ਹਿਰ-ਸ਼ਹਿਰ ਅਤੇ ਪਿੰਡ-ਪਿੰਡ ਪਹੁੰਚ ਕਰਕੇ ਨਵਾਂ ਪੰਜਾਬ ਬਣਾਉਣ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਲਗਾਤਾਰ ਤੇਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਾਹਰ ਕੱਢਣ ਲਈ ਬਸਪਾ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ’ਤੇ ਡਰੱਗ ਮਾਫੀਆ ’ਤੇ ਸਖ਼ਤ ਕਾਰਵਾਈ ਕਰਦਿਆਂ ਨਸ਼ਿਆਂ ਦੀ ਜੜ੍ਹ ਨੂੰ ਪਹਿਲ ਦੇ ਆਧਾਰ ’ਤੇ ਪੁੱਟ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਸਪਾ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ ਮਿਸ਼ਨ ਬੇਗਮਪੁਰਾ ਦੇ ਵਿਚਾਰਾਂ ਦੇ ਅਨੁਰੂਪ ਅਜਿਹੇ ਸਮਾਜ ਦੀ ਸਿਰਜਣਾ ਲਈ ਕੰਮ ਕਰੇਗੀ, ਜਿੱਥੇ ਕੋਈ ਬੇਰੁਜ਼ਗਾਰ ਅਤੇ ਦੁਖੀ ਨਾ ਹੋਵੇ ਅਤੇ ਅਮਨ-ਸ਼ਾਂਤੀ ਦਾ ਮਾਹੌਲ ਹੋਵੇ।
ਇਸ ਮੌਕੇ ਬਸਪਾ ਸੈਂਟਰ ਦੇ ਸੈਂਟਰਲ ਸਟੇਟ ਇੰਚਾਰਜ ਸੀ.ਪੀ. ਸਿੰਘ ਅਤੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਬਸਪਾ ਦੀ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਨੰਦੀਆਲੀ, ਗੁਰਦਾਸ ਸਿੰਘ ਘਰਾਮਾਂ, ਸੁਰਜੀਤ ਸਿੰਘ ਗੋਰੀਆ ਜ਼ਿਲ੍ਹਾ ਇੰਚਾਰਜ, ਬੰਤ ਸਿੰਘ ਇੰਚਾਰਜ ਸਮਾਣਾ, ਰਵੀ ਕੁਮਾਰ ਵਾਲਮੀਕਿ, ਜ਼ਸਪਾਲ ਸਿੰਘ, ਮੋਹਨ ਲਾਲ, ਸੁਖਲਾਲ ਗੁਥਲੀਆ, ਕਰਨੈਲ ਸਿੰਘ ਝਿੱਲ, ਹਰਵਿੰਦਰ ਸਿੰਘ ਨਰੜੂ, ਜਰਨੈਲ ਸਿੰਘ ਬਹਾਦਰਗੜ੍ਹ, ਰਾਮ ਸਰੂਪ, ਸੁਨੀਲ ਕੁਮਾਰ, ਜਗਤਾਰ ਸਿੰਘ ਆਦਿ ਹਾਜ਼ਰ ਸਨ।