ਫਤਹਿਗੜ੍ਹ ਸਾਹਿਬ:- ਸਰਹਿੰਦ ਸਥਿਤ ਤਲਵਾੜ ਆਟਾ ਚੱਕੀ ਦੇ ਨਜ਼ਦੀਕ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਹਾਦਸੇ ਤੋਂ ਬਾਅਦ ਕਥਿਤ ਤੌਰ 'ਤੇ ਟੱਕਰ ਮਾਰਨ ਵਾਲਾ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਵਿੱਚ ਪੁਲੀਸ ਜੁਟ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਭਰਾ ਅਤੇ ਸਰਹਿੰਦ ਨਿਵਾਸੀ ਕਰਨ ਕਸ਼ਯਪ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਕਰਨ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਰਹਿੰਦ ਦੇ ਰਹਿਣ ਵਾਲੇ ਉਸ ਦੇ ਦੋਵੇਂ ਭਰਾ, 17 ਸਾਲਾ ਰੋਹਨ ਅਤੇ 17 ਸਾਲਾ ਹਰਸ਼, ਆਪਣੀ ਐਕਟਿਵਾ ਸਕੂਟੀ 'ਤੇ ਸਵਾਰ ਹੋ ਕੇ ਤਲਵਾੜ ਆਟਾ ਚੱਕੀ ਕੋਲੋਂ ਲੰਘ ਰਹੇ ਸਨ।
ਇਸੇ ਦੌਰਾਨ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਆ ਰਿਹਾ ਸੀ। ਅਚਾਨਕ ਸੜਕ 'ਤੇ ਇੱਕ ਆਵਾਰਾ ਪਸ਼ੂ ਆ ਜਾਣ ਕਾਰਨ ਤੇਜ਼ ਰਫ਼ਤਾਰ ਬਾਈਕ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਦਾ ਵਾਹਨ ਬੇਕਾਬੂ ਹੋ ਗਿਆ। ਬੇਕਾਬੂ ਮੋਟਰਸਾਈਕਲ ਨੇ ਰੋਹਨ ਅਤੇ ਹਰਸ਼ ਦੀ ਐਕਟਿਵਾ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਭਰਾ ਸਕੂਟੀ ਸਮੇਤ ਸੜਕ 'ਤੇ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਕਰਨ ਕਸ਼ਯਪ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀ ਭਰਾਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਪਹੁੰਚਾਇਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਰੋਹਨ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਭਰਾ ਹਰਸ਼ ਦੀ ਬੇਹੱਦ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ, ਜਿੱਥੇ ਇਲਾਜ ਦੌਰਾਨ ਸੋਮਵਾਰ ਨੂੰ ਉਸ ਨੇ ਵੀ ਦਮ ਤੋੜ ਦਿੱਤਾ।
