ਪਟਿਆਲਾ, 22 ਨਵੰਬਰ (ਮਨਪ੍ਰੀਤ ਸਿੰਘ):- ਵਿੱਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਪਟਿਆਲਾ ਦੇ ਆਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸਕੂਲ ਵੱਲੋਂ ਦੋ ਰੋਜ਼ਾ ਸਾਲਾਨਾ ਵਿਦਿਆਰਥੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।

ਭਾਰਤ ਵਿੱਚ ਸੀ.ਐੱਫ.ਐੱਮ.ਐੱਸ.ਐੱਸ. ਮਿਸ਼ਨ ਦੇ 125 ਸਾਲ ਪੂਰੇ ਹੋਣ ਦੀ ਯਾਦ ਵਿੱਚ ਇਸ ਸਮਾਗਮ ਦਾ ਵਿਸ਼ਾ “ਸਮੁੰਦਰਾਂ ਤੋਂ ਪਾਰ ਚਾਨਣ” ਰੱਖਿਆ ਗਿਆ।

ਸਮਾਗਮ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਡਾ. ਅੰਕਿਤਾ ਕਾਂਸਲ, ਪੀ.ਸੀ.ਐੱਸ., ਸਹਾਇਕ ਕਮਿਸ਼ਨਰ, ਮੋਹਾਲੀ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਵਿਪਰੋ ਕੰਪਨੀ ਦੇ ਸਹਾਇਕ ਉਪ-ਪ੍ਰਧਾਨ ਸ੍ਰੀ ਸੁਮੀਤ ਸ਼ਰਮਾ ਹਾਜ਼ਰ ਹੋਏ।

ਸਮਾਗਮ ਦੇ ਦੂਜੇ ਦਿਨ ਨਵੀਂ ਦਿੱਲੀ ਤੋਂ ਵਿਦੇਸ਼ ਮੰਤਰਾਲੇ ਦੇ ਵਿਸ਼ਵ ਸੰਪਤੀ ਪ੍ਰਬੰਧਨ ਵਿਭਾਗ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਸਤਵੰਤ ਖਨਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਿਜਲੀ ਮੰਤਰਾਲੇ, ਨਵੀਂ ਦਿੱਲੀ ਦੀ ਸਹਾਇਕ ਨਿਰਦੇਸ਼ਕ ਸ਼੍ਰੀਮਤੀ ਰੀਤਿਕਾ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ।

ਦੋਵਾਂ ਦਿਨਾਂ ਦੇ ਮਹਿਮਾਨਾਂ ਦਾ ਇਸੇ ਸਕੂਲ ਦੇ ਸਾਬਕਾ ਵਿਦਿਆਰਥੀ ਹੋਣਾ ਸਮਾਗਮ ਲਈ ਵਿਸ਼ੇਸ਼ ਮਾਣ ਅਤੇ ਖੁਸ਼ੀ ਦਾ ਵਿਸ਼ਾ ਰਿਹਾ।

ਸਮਾਰੋਹ ਦਾ ਮੁੱਖ ਆਕਰਸ਼ਣ ਇੱਕ ਸ਼ਾਨਦਾਰ ਨਾਟਕੀ ਪੇਸ਼ਕਾਰੀ ਰਹੀ, ਜਿਸ ਵਿੱਚ ਪਰਮ ਸਤਿਕਾਰਯੋਗ ਮਦਰ ਸੇਰਾਫੀਨਾ ਫਾਰੋਲਫੀ ਦੀ ਦੂਰਦਰਸ਼ੀ ਸੋਚ ਅਤੇ ਸੰਨ 1901 ਵਿੱਚ ਭਾਰਤ ਆਈਆਂ ਚਾਰ ਮੋਢੀ ਸਿਸਟਰਜ਼ ਦੇ ਸਾਹਸੀ ਮਿਸ਼ਨ ਨੂੰ ਸਜੀਵ ਰੂਪ ਵਿੱਚ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਪ੍ਰਭਾਵਸ਼ਾਲੀ ਅਭਿਨੈ, ਸੰਗੀਤ ਅਤੇ ਨਾਚ ਰਾਹੀਂ ਉਨ੍ਹਾਂ ਦੇ ਔਖੇ ਸਮੁੰਦਰੀ ਸਫ਼ਰ, ਬਾਲਿਕਾ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਅਤੇ ਦੇਸ਼ ਦੀ ਵੰਡ ਦੌਰਾਨ ਨਿਭਾਈਆਂ ਮਨੁੱਖਤਾ ਭਰਪੂਰ ਸੇਵਾਵਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਇਆ।

ਭਾਰਤ ਦੀ ਆਜ਼ਾਦੀ ਦੇ ਗੌਰਵਮਈ ਚਿੱਤਰਣ ਨੇ ਦਰਸ਼ਕਾਂ ਵਿੱਚ ਦੇਸ਼-ਪ੍ਰੇਮ ਦੀ ਭਾਵਨਾ ਜਗਾਈ, ਜਦਕਿ ਦੇਸ਼ ਦੀ ਵੰਡ ਦੀ ਭਿਆਨਕ ਤ੍ਰਾਸਦੀ ਅਤੇ ਇਸ ਕਾਰਨ ਪੈਦਾ ਹੋਏ ਸਮਾਜਿਕ ਵਿਛੋੜੇ ਅਤੇ ਉਜਾੜੇ ਦੇ ਦਰਦ ਨੂੰ ਰੇਲਗੱਡੀ ਦੇ ਮਰਮਸਪਰਸ਼ੀ ਦ੍ਰਿਸ਼ ਰਾਹੀਂ ਜਿਸ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ, ਉਸ ਨੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਇਸ ਪੇਸ਼ਕਾਰੀ ਨੇ ਧਾਰਮਿਕ ਅਤੇ ਭੂਗੋਲਿਕ ਹੱਦਾਂ ਤੋਂ ਉੱਪਰ ਉੱਠ ਕੇ ਮਨੁੱਖਤਾ, ਸ਼ਾਂਤੀ ਅਤੇ ਦਇਆ-ਭਾਵਨਾ ਨਾਲ ਭਰਪੂਰ ਸੇਵਾ ਪ੍ਰਤੀ ਸਿਸਟਰਜ਼ ਦੀ ਅਟੁੱਟ ਵਚਨਬੱਧਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ। ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਮਨਮੋਹਕ ਪੇਸ਼ਕਾਰੀਆਂ ਨੇ ਸਮਾਰੋਹ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

ਇਸ ਮੌਕੇ ਅਕਾਦਮਿਕ ਸੈਸ਼ਨ 2025-26 ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਹ ਸਮਾਰੋਹ ਇਸ ਸਦੀਵੀ ਸੰਦੇਸ਼ ਨਾਲ ਸੰਪੰਨ ਹੋਇਆ ਕਿ ਮਦਰ ਸੇਰਾਫੀਨਾ ਵੱਲੋਂ ਜਗਾਈ ਗਈ ਸੇਵਾ, ਦਇਆ ਅਤੇ ਸਮਰਪਣ ਦੀ ਜੋਤ ਅੱਜ ਵੀ ਸਿੱਖਿਆ ਅਤੇ ਨਿਸ਼ਕਾਮ ਸੇਵਾ ਰਾਹੀਂ ਪੀੜ੍ਹੀ ਦਰ ਪੀੜ੍ਹੀ ਮਨੁੱਖਤਾ ਦਾ ਮਾਰਗ ਰੌਸ਼ਨ ਕਰ ਰਹੀ ਹੈ।

ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸਿਸਟਰ ਇਮੈਕੁਲੇਟ ਨੇ ਸਾਲਾਨਾ ਸਮਾਰੋਹ ਦੀ ਸਫਲਤਾ ਲਈ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਤੇ ਸਹਿਯੋਗ ਦੀ ਸ਼ਲਾਘਾ ਕੀਤੀ।