ਨਵਾਂਸ਼ਹਿਰ, 8 ਨਵੰਬਰ (ਗੁਰਬਖਸ਼ ਸਿੰਘ ਮਹੇ):- ਦੀਵਾਲੀ ਦੇ ਸ਼ੁਭ ਮੌਕੇ ’ਤੇ ਮਹੇ ਗੋਤ ਜਠੇਰਿਆਂ ਦਾ ਦੋ ਦਿਨਾਂ ਸਾਲਾਨਾ ਮੇਲਾ ਪਿੰਡ ਹਿਆਤਪੁਰ ਜੱਟਾਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਮਹੇ ਗੋਤ ਨਾਲ ਸਬੰਧਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜਠੇਰਿਆਂ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਪਹੁੰਚੇ ਪਰਿਵਾਰਾਂ ਨੇ ਇੱਕ-ਦੂਜੇ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਆਪਸੀ ਮੇਲ-ਮਿਲਾਪ, ਭਾਈਚਾਰਕ ਸਾਂਝ ਅਤੇ ਪਰਿਵਾਰਕ ਪਿਆਰ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ। ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਦੇ ਲੋਕਾਂ ਨੇ ਮੇਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ। ਮੇਲੇ ਨੇ ਜਿੱਥੇ ਪੁਰਾਤਨ ਰਵਾਇਤਾਂ ਨੂੰ ਤਾਜ਼ਾ ਕੀਤਾ, ਉੱਥੇ ਹੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਜੜ੍ਹਾਂ ਨਾਲ ਜੁੜਨ ਦਾ ਮੌਕਾ ਵੀ ਪ੍ਰਦਾਨ ਕੀਤਾ।

ਇਸ ਮੌਕੇ ਪ੍ਰਧਾਨ ਦਵਿੰਦਰ ਕੁਮਾਰ ਮਹੇ ਨੇ ਕਿਹਾ ਕਿ ਮੇਲੇ ਸਿਰਫ਼ ਧਾਰਮਿਕ ਇਕੱਠ ਹੀ ਨਹੀਂ ਹੁੰਦੇ, ਸਗੋਂ ਇਹ ਆਪਸੀ ਸਾਂਝ, ਪਿਆਰ ਅਤੇ ਮਿਲਵਰਤਣ ਨੂੰ ਮਜ਼ਬੂਤ ਕਰਨ ਦਾ ਸਾਧਨ ਵੀ ਹਨ। ਉਨ੍ਹਾਂ ਕਿਹਾ ਕਿ ਆਪਣਿਆਂ ਨੂੰ ਮਿਲ ਕੇ, ਇੱਕ-ਦੂਜੇ ਦਾ ਹਾਲ-ਚਾਲ ਜਾਣ ਕੇ ਅਤੇ ਦੁੱਖ-ਸੁੱਖ ਸਾਂਝੇ ਕਰਕੇ ਹੀ ਮੇਲੇ ਸੰਪੂਰਨ ਹੁੰਦੇ ਹਨ। ਅਜਿਹੇ ਸਾਲਾਨਾ ਸਮਾਗਮ ਸਾਡੀ ਵਿਰਾਸਤ ਨੂੰ ਸੰਭਾਲਣ ਅਤੇ ਭਾਈਚਾਰਕ ਸਾਂਝ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਮੇਲੇ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਆਪਣੇ ਵਿਰਸੇ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਅਜਿਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਦਵਿੰਦਰ ਕੁਮਾਰ ਮਹੇ, ਵਿਨੈ ਕੁਮਾਰ ਮਹੇ, ਜਸਪਾਲ ਮਹੇ, ਜੁਗਲ ਕਿਸ਼ੋਰ, ਗੁਰਬਖਸ਼ ਸਿੰਘ ਮਹੇ, ਮਨਜੀਤ ਸਿੰਘ, ਅਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਵਕੀਲ ਹਰਪ੍ਰੀਤ ਸਿੰਘ, ਅਵਿਨਾਸ਼ ਅਤੇ ਪ੍ਰਸ਼ੋਤਮ ਲਾਲ ਮਹੇ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਬਿਮਲਾ ਦੇਵੀ, ਪੰਚ ਜਸਪਾਲ ਕੌਰ, ਮਨਜੀਤ ਕੌਰ, ਜਸਪ੍ਰੀਤ ਕੌਰ, ਹਰਜਾਪ ਸਿੰਘ, ਮਨਪ੍ਰੀਤ ਸਿੰਘ ਮਨੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।