ਪਟਿਆਲਾ (ਕਾਕਾ ਰਾਮ ਵਰਮਾ):- ਸ਼੍ਰੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਬਾਂਸਲ ਨੇ ਵਿਦਿਆਰਥੀਆਂ ਦੀ ਸੁਰੱਖਿਆ, ਸਿਹਤ, ਤੰਦਰੁਸਤੀ ਅਤੇ ਖੁਸ਼ਹਾਲ ਭਵਿੱਖ ਯਕੀਨੀ ਬਣਾਉਣ, ਕਿਸੇ ਦੁਰਘਟਨਾ ਸਮੇਂ ਪੀੜਤਾਂ ਦੀ ਮਦਦ ਕਰਨ ਅਤੇ ਹਾਦਸਿਆਂ ਨੂੰ ਰੋਕਣ ਲਈ ਫਸਟ ਏਡ ਸੇਫਟੀ ਹੈਲਥ ਅਵੇਅਰਨੈੱਸ ਮਿਸ਼ਨ ਦੇ ਚੀਫ਼ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨਾਲ ਵਿਚਾਰ-ਵਟਾਂਦਰਾ ਕੀਤਾ।

ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫਸਟ ਏਡ, ਏਬੀਸੀਡੀ, ਸੀਪੀਆਰ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਮਿਰਗੀ ਦੇ ਦੌਰੇ, ਖੂਨ ਵਗਣ ਅਤੇ ਹੋਰ ਸੰਕਟਕਾਲੀਨ ਹਾਲਾਤਾਂ ਵਿੱਚ ਪੀੜਤਾਂ ਦੀ ਮਦਦ ਕਰਨ ਦੀ ਸਿਖਲਾਈ ਦਿੰਦਿਆਂ ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਕੁਦਰਤੀ, ਮੌਸਮੀ ਅਤੇ ਮਨੁੱਖੀ ਕਾਰਨਾਂ ਕਰਕੇ ਵਾਪਰਨ ਵਾਲੀਆਂ ਆਫ਼ਤਾਂ ਅਤੇ ਬੱਚਿਆਂ ਤੇ ਨਾਬਾਲਗਾਂ ਨਾਲ ਵਾਪਰਨ ਵਾਲੀਆਂ ਦੁਰਘਟਨਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਲਈ ਟ੍ਰੇਨਿੰਗਾਂ ਅਤੇ ਅਭਿਆਸ ਸਕੂਲਾਂ ਵਿੱਚ ਸਾਲ ਵਿੱਚ ਦੋ ਵਾਰ ਜ਼ਰੂਰ ਕਰਵਾਏ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਹਾਦਸਿਆਂ ਨੂੰ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਐਮਰਜੈਂਸੀ ਦੌਰਾਨ ਪੀੜਤਾਂ ਨੂੰ ਬਚਾਉਣ ਲਈ ਫਸਟ ਏਡ, ਏਬੀਸੀਡੀ, ਰਿਕਵਰੀ ਜਾਂ ਵੈਂਟੀਲੇਟਰ ਪੁਜ਼ੀਸ਼ਨ, ਸੀਪੀਆਰ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ। ਪੀੜਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਚਾਦਰਾਂ, ਕੱਪੜਿਆਂ, ਸੋਟੀਆਂ, ਬਾਂਸਾਂ ਅਤੇ ਹੱਥਾਂ ਦੀ ਮਦਦ ਨਾਲ ਸਟਰੈਚਰ ਤਿਆਰ ਕਰਨ ਦੇ ਤਰੀਕੇ ਵੀ ਦੱਸੇ।

ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀਮਤੀ ਗੀਤਿਕਾ ਮਲਹੋਤਰਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਕਰਵਾਉਣ ਲਈ ਹਰੇਕ ਸਿੱਖਿਆ ਸੰਸਥਾ ਵੱਲੋਂ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ 95 ਫੀਸਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਵਿਸ਼ਿਆਂ ਸਬੰਧੀ ਟ੍ਰੇਨਿੰਗ ਅਤੇ ਵਿਹਾਰਕ ਅਭਿਆਸ ਨਹੀਂ ਕਰਵਾਏ ਜਾਂਦੇ।

ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੇਸ਼ ਵਿੱਚ 21 ਤੋਂ 27 ਨਵੰਬਰ ਤੱਕ ਰਾਸ਼ਟਰੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ, ਫਾਇਰ ਸੇਫਟੀ ਅਤੇ ਬਲੈਕਆਊਟ ਦੇ ਪ੍ਰਦਰਸ਼ਨ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਐਨਐਸਐਸ ਵਲੰਟੀਅਰਾਂ ਅਤੇ ਐਨਸੀਸੀ ਕੈਡਿਟਾਂ ਵੱਲੋਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ।