ਹੁਸ਼ਿਆਰਪੁਰ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲ ਰਹੇ ਕੋਰਸ ਐੱਮਐੱਸਸੀ ਫੈਸ਼ਨ ਡਿਜਾਇਨਿੰਗ ਦੇ ਦੂਜਾ ਅਤੇ ਚੌਥਾ ਸਮੈਸਟਰ ਦੇ ਨਤੀਜੇ ਵਿੱਚ ਪੰਜ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਪਣੇ ਨਾਮ ਦਰਜ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੇ ਮੁਖੀ ਪ੍ਰੋ ਰਾਜਵਿੰਦਰ ਕੌਰ ਨੇ ਦੱਸਿਆ ਕਿ ਐੱਮਐੱਸਸੀ ਫੈਸ਼ਨ ਡਿਜਾਇਨਿੰਗ ਦੇ ਸਮੈਸਟਰ ਦੂਜਾ ਦੇ ਨਤੀਜੇ ਵਿੱਚ ਵਿਦਿਆਰਥਣ ਆਂਚਲ ਦੇਵੀ ਨੇ 91.2 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜੀ ਅਤੇ ਵਿਦਿਆਰਥਣ ਜੈਸਮੀਨ ਵਡਿਆਲ ਨੇ 90 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿੱਚੋਂ ਚੌਥੀ ਅਤੇ ਸੈਜਲ ਠਾਕੁਰ ਨੇ 89 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿੱਚੋਂ ਛੇਵੀਂ ਪੁਜੀਸ਼ਨ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਐੱਮਐੱਸਸੀ ਫੈਸ਼ਨ ਡਿਜਾਇਨਿੰਗ ਕੋਰਸ ਦੇ ਸਮੈਸਟਰ ਚੌਥਾ ਦੇ ਨਤੀਜੇ ਵਿੱਚ ਵਿਦਿਆਰਥਣ ਉਮਾ ਸ਼ਰਮਾ ਅਤੇ ਰਮਨਦੀਪ ਕੌਰ ਨੇ 88.9 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿੱਚ ਪੰਜਾਬ ਯੂਨੀਵਰਸਿਟੀ ਵਿੱਚੋਂ ਨੌਵੀਂ ਪੁਜੀਸ਼ਨ ਹਾਸਿਲ ਕੀਤੀ। ਇਸੇ ਕੋਰਸ ਵਿੱਚ ਵਿਦਿਆਰਥਣ ਮਨਦੀਪ ਕੌਰ ਨੇ 87.2 ਫੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਦੂਜਾ ਅਤੇ ਜਸਪ੍ਰੀਤ ਕੌਰ ਨੇ 88.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪਿ੍ਰੰਸੀਪਲ ਸਮੇਤ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਇਸ ਨਤੀਜੇ ਲਈ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।
