ਮੋਹਾਲੀ, 10 ਨਵੰਬਰ:- ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. 49, ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਾਰੀ ਚੋਣ ਨੋਟੀਫਿਕੇਸ਼ਨ ਨੰਬਰ ਟੀ.ਐੱਸ.ਯੂ./315 ਮਿਤੀ 30 ਅਕਤੂਬਰ, 2026 ਦੀ ਪਾਲਣਾ ਕਰਦਿਆਂ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਮੋਹਾਲੀ ਸਰਕਲ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਸੂਬਾ ਕਮੇਟੀ ਵੱਲੋਂ ਨਿਯੁਕਤ ਦੋ ਮੈਂਬਰੀ ਕਮੇਟੀ, ਜਿਸ ਵਿੱਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਕੈਸ਼ੀਅਰ ਸੰਤੋਖ ਸਿੰਘ ਸ਼ਾਮਲ ਸਨ, ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਮੁਕੰਮਲ ਹੋਈ। ਇਸ ਵਿੱਚ ਸਬ-ਡਿਵੀਜ਼ਨਾਂ ਅਤੇ ਡਿਵੀਜ਼ਨਾਂ ਦੇ ਲਗਭਗ 16 ਡੈਲੀਗੇਟਾਂ ਨੇ ਭਾਗ ਲਿਆ।

ਚੋਣ ਦੌਰਾਨ ਸਰਬਸੰਮਤੀ ਨਾਲ ਨਵੀਂ ਸਰਕਲ ਕਮੇਟੀ ਦੀ ਚੋਣ ਕੀਤੀ ਗਈ। ਇਸ ਅਨੁਸਾਰ ਗੁਰਬਖਸ਼ ਸਿੰਘ ਫੋਰਮੈਨ ਨੂੰ ਪ੍ਰਧਾਨ, ਗੁਰਮੀਤ ਸਿੰਘ ਜੇ.ਈ. ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਜੇ.ਈ. ਨੂੰ ਜਨਰਲ ਸਕੱਤਰ, ਜਸਪਾਲ ਸਿੰਘ ਲਾਈਨਮੈਨ ਨੂੰ ਸਹਾਇਕ ਸਕੱਤਰ ਅਤੇ ਸਰਬਜੀਤ ਕੁਮਾਰ ਜੇ.ਈ. ਸਬ ਸਟੇਸ਼ਨ ਨੂੰ ਖ਼ਜ਼ਾਨਚੀ ਚੁਣਿਆ ਗਿਆ। ਚੋਣ ਸਾਰੇ ਮੈਂਬਰਾਂ ਦੀ ਹਾਜ਼ਰੀ ਵਿੱਚ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ, ਜਿਸ ਨੂੰ ਸੂਬਾ ਕਮੇਟੀ ਵੱਲੋਂ ਮਾਨਤਾ ਵੀ ਦਿੱਤੀ ਗਈ।

ਇਸ ਇਕੱਤਰਤਾ ਵਿੱਚ ਭਰਾਤਰੀ ਜਥੇਬੰਦੀਆਂ ਪੈਨਸ਼ਨਰਜ਼ ਐਸੋਸੀਏਸ਼ਨ ਮੋਹਾਲੀ ਅਤੇ ਠੇਕਾ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਚੋਣ ਤੋਂ ਬਾਅਦ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸੂਬਾ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਵਿਜੇ ਕੁਮਾਰ, ਸਰਪ੍ਰਸਤ ਐੱਸ.ਐੱਸ. ਮੱਲੀ, ਸੀ.ਐੱਚ.ਬੀ. ਕਾਮਿਆਂ ਵੱਲੋਂ ਏਕਮ ਸਿੱਧੂ ਅਤੇ ਜ਼ੋਰਾਵਰ ਸਿੰਘ ਅਤੇ ਸਾਬਕਾ ਸੂਬਾ ਆਗੂ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

ਅੰਤ ਵਿੱਚ ਲੱਖਾ ਸਿੰਘ ਨੇ ਸੂਬਾ ਕਮੇਟੀ, ਚੋਣ ਪ੍ਰਕਿਰਿਆ ਵਿੱਚ ਸ਼ਾਮਲ ਅਹੁਦੇਦਾਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਸੀ.ਐੱਚ.ਬੀ. ਕਾਮਿਆਂ ਦਾ ਧੰਨਵਾਦ ਕੀਤਾ।