ਪਟਿਆਲਾ (ਕਾਕਾ ਰਾਮ ਵਰਮਾ):- ਦੇਸ਼, ਦੁਨੀਆ, ਪਰਿਵਾਰਾਂ ਅਤੇ ਸਮਾਜ ਨੂੰ ਚੰਗੇ ਇਨਸਾਨ, ਦੇਸ਼ ਭਗਤ, ਮਹਾਨ ਯੋਧੇ ਅਤੇ ਵਿਗਿਆਨੀ ਦੇਣ ਵਿੱਚ ਚੰਗੇ ਅਧਿਆਪਕਾਂ ਅਤੇ ਗੁਰੂਆਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਲਈ ਅਧਿਆਪਕਾਂ ਅਤੇ ਗੁਰੂਆਂ ਦਾ ਹਮੇਸ਼ਾ ਸਤਿਕਾਰ ਕਰਨਾ, ਉਨ੍ਹਾਂ ਨੂੰ ਸਹਿਯੋਗ ਦੇਣਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਵਿਚਾਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮਾ, ਸਕੱਤਰ ਹਰਪ੍ਰੀਤ ਸੰਧੂ, ਫਸਟ ਏਡ ਸੇਫਟੀ ਹੈਲਥ ਅਵੇਅਰਨੈੱਸ ਮਿਸ਼ਨ ਦੇ ਮੁੱਖ ਟ੍ਰੇਨਰ ਕਾਕਾ ਰਾਮ ਵਰਮਾ ਅਤੇ ਮਿਸ਼ਨ ਲਾਲੀ ਐਂਡ ਹਰਿਆਲੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਨੌਰ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੂੰ ਵਾਤਾਵਰਨ, ਮਾਨਵਤਾ ਅਤੇ ਕੁਦਰਤ ਪ੍ਰੇਮੀ ਦਾ ਸਨਮਾਨ-ਪੱਤਰ ਅਤੇ ਪੰਜ ਅਧਿਆਪਕਾਂ ਨੂੰ ‘ਸ੍ਰੇਸ਼ਠ ਗੁਰੂ’ ਸਨਮਾਨ ਦੇਣ ਮੌਕੇ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਅੱਜ ਦੇ ਅਧਿਆਪਕ ਅਨੇਕਾਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਵਿਦਿਆਰਥੀਆਂ ਦੇ ਉੱਜਵਲ, ਸਿਹਤਮੰਦ, ਖੁਸ਼ਹਾਲ ਅਤੇ ਸੁਰੱਖਿਅਤ ਭਵਿੱਖ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ।
ਇਸ ਮੌਕੇ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ, ਅੱਗ ਤੋਂ ਸੁਰੱਖਿਆ, ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ੀ ਅਤੇ ਸਦਮੇ ਬਾਰੇ ਜਾਣਕਾਰੀ ਦਿੱਤੀ।
ਧੰਨਵਾਦ ਕਰਦਿਆਂ ਡਾ. ਕਰਮਜੀਤ ਕੌਰ ਨੇ ਕਿਹਾ ਕਿ ਪਰਮਾਤਮਾ ਨੇ ਅਧਿਆਪਕਾਂ ਨੂੰ ਗੁਰੂ ਦਾ ਸਨਮਾਨ ਦਿੱਤਾ ਹੈ ਅਤੇ ਦੁਨੀਆ ਨੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਤਾ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਲਈ ਅਧਿਆਪਕ ਪਰਮਾਤਮਾ, ਦੇਸ਼, ਸਮਾਜ ਅਤੇ ਧਰਤੀ ਮਾਂ ਪ੍ਰਤੀ ਵਫ਼ਾਦਾਰ, ਜ਼ਿੰਮੇਵਾਰ ਅਤੇ ਇਮਾਨਦਾਰ ਸਿਪਾਹੀਆਂ ਵਜੋਂ ਆਪਣੇ ਫ਼ਰਜ਼ ਨਿਭਾ ਰਹੇ ਹਨ।
