ਜਲੰਧਰ:- ਸਮਾਜਿਕ ਅਨਿਆ, ਜਾਤ ਪਾਤੀ ਵਿਤਕਰੇ , ਨਫ਼ਰਤ ਅਤੇ ਦਾਬੇ ਖ਼ਿਲਾਫ਼ ਸਮਾਜਿਕ ਬਰਾਬਰੀ ਲਈ ਜੂਝਣ ਦੀ ਇਤਿਹਾਸਕ ਵਿਰਾਸਤ ਦੇ ਚਿਰਾਗ਼ ਨੂੰ ਜਗਦਾ ਰੱਖ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਦਿਨ ਦਿਹਾੜੇ, ਸੁਰੱਖਿਆ ਕਰਮੀਆਂ ਦੀ ਮੌਜ਼ੂਦਗੀ 'ਚ ਸਮਾਜ ਦੇ ਲਿਤਾੜੇ ਵਰਗ ਦੀਆਂ ਕੁੜੀਆਂ , ਪੱਤਰਕਾਰ ਨਵੀਨ ਉੱਪਰ ਦਿੱਲੀ ਵਿਖੇ ਜਨਤਕ ਇਕੱਤਰਤਾ ਉਪਰ ਹਮਲਾ ਕਰਕੇ ਜਾਤੀ ਨਫ਼ਰਤ ਅਤੇ ਹਕੂਮਤੀ ਥਾਪੜੇ ਦੇ ਨਸ਼ੇ ਵਿੱਚ ਪਾਗ਼ਲ ਹੋਏ ਤੱਤਾਂ ਨੇ ਦਰਸਾ ਦਿੱਤਾ ਕਿ ਸਦੀਆਂ ਦੇ ਲਿਤਾੜੇ ਲੋਕਾਂ ਨੂੰ ਆਪਣੇ ਸਵੈਮਾਣ ਲਈ ਖ਼ੁਦ ਹੀ ਘਰਾਂ ਤੋਂ ਬਾਹਰ ਨਿਕਲਣਾ ਪਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਹੈ ਕਿ 'ਸਵੱਛ ਭਾਰਤ', ''ਵਿਸ਼ਵ ਗੁਰੂ'' ਹੋਣ ਦੀਆਂ ਟਾਹਰਾਂ ਮਾਰਨ ਵਾਲਿਆਂ ਦੇ ਮੁਲਕ ਅੰਦਰ ਜ਼ੋ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਹੈ ਉਸਦੇ ਪ੍ਰਮਾਣਕ ਸਬੂਤਾਂ ਦੇ ਅਧਾਰ ਤੇ ਕਮੇਟੀ ਦਾ ਕਹਿਣਾ ਹੈ ਕਿ ਜਾਗਦੀ ਜਮੀਰ ਵਾਲਾ ਕੋਈ ਵੀ ਇਨਸਾਨ ਭਲਾ ਖਾਮੋਸ਼ੀ ਦੀ ਚਾਦਰ ਲੈ ਕੇ ਕਿਵੇਂ ਸੌਂ ਸਕਦਾ ਹੈ?
ਉਹਨਾਂ ਦੱਸਿਆ ਕਿ ਦਲਿਤ ਵਰਗ ਦੇ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦੀ ਗੱਲ ਕਰਦੇ ਅਤੇ ਵਿੱਦਿਅਕ ਅਦਾਰਿਆਂ ਅੰਦਰ ਆਪਣੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਦੀਆਂ ਵਿਦਿਆਰਥਣਾਂ ਵਿਦਿਆਰਥੀਆਂ ਖ਼ਾਸ ਕਰਕੇ ਕੁੜੀਆਂ ਨੂੰ ਬੇਸ਼ਰਮੀ ਨਾਲ ਇਹ ਕਹਿ ਕੇ ਜਲੀਲ ਕੀਤਾ ਗਿਆ ਕਿ, "ਤੁਹਾਨੂੰ 5 ਹਜਾਰ ਸਾਲ ਤੋਂ ਪੀਣ ਵਾਲਾ ਪਾਣੀ ਨਹੀਂ ਮਿਲਿਆ, ਹੁਣ ਲੈ ਲਿਆ ਪਾਣੀ? ਪੱਤਰਕਾਰ ਦੇ ਪਰਦੇ ਓਹਲੇ ਭੜਕਾਊ ਮਾਹੌਲ ਬਣਾਉਣ ਵਾਲੇ ਤੱਤਾਂ ਦੀ ਭੂਮਿਕਾ ਦਾ ਨਵਾਂ ਤਜੱਰਬਾ ਇਸ ਘਟਨਾ ਮੌਕੇ ਉੱਘੜ ਕੇ ਸਾਹਮਣੇ ਆਇਆ ਹੈ।
ਜਨਤਕ ਇਕੱਤਰਤਾ ਵਿੱਚ ਪੱਤਰਕਾਰ ਦੇ ਰੂਪ ਵਿੱਚ ਸਾਹਮਣੇ ਆਈ ਇੱਕ ਲੜਕੀ ਭੜਕਾਹਟ ਭਰਿਆ ਬਿਰਤਾਂਤ ਸਿਰਜਣ ਲਈ ਆਪਣੀ ਅਸਲੀ ਭੂਮਿਕਾ ਵਿੱਚ ਸਾਹਮਣੇ ਆਉਂਦੀ ਹੈ ਅਤੇ ਨਾਲ਼ ਹੀ ਇਹ ਆਵਾਜ਼ ਆਉਂਦੀ ਹੈ ਕਿ, 'ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ"। "ਬ੍ਰਾਹਮਣਵਾਦ ਜ਼ਿੰਦਾਬਾਦ" ਵਿਦਿਆਰਥੀ ਆਗੂ ਕੁੜੀ ਅੰਜਲੀ ਉਪਰ ਜਿਸਮਾਨੀ ਹਮਲਾ ਕੀਤਾ ਜਾਂਦਾ ਹੈ ਦਲਿਤ ਪੱਤਰਕਾਰ ਨਵੀਨ ਉਪਰ ਹਮਲਾ ਕਰਨ ਵਾਲਿਆਂ ਉਪਰ ਕਾਰਵਾਈ ਕਰਨ ਦੀ ਬਜਾਏ, ਪੁਲਸ ਸੁਰੱਖਿਆ ਚੇਨ ਬਣਾ ਕੇ ਇੱਥੋਂ ਕੱਢਣ ਵਿੱਚ ਸਹਾਇਤਾ ਕਰਦੀ ਹੈ।
ਜਦੋਂ ਵਿਦਿਆਰਥੀ ਆਗੂ ਅੰਜਲੀ ਮਿਊਰਿਸ ਥਾਣਾ ਦਿੱਲੀ ਆਪਣੇ ਉਪਰ ਹੋਏ ਹਮਲੇ ਅਤੇ ਇਸ ਸਾਰੇ ਘਟਨਾਕ੍ਰਮ ਦੀ ਰਿਪੋਰਟ ਦੇਣ ਜਾਂਦੀ ਹੈ ਤਾਂ ਜਨਤਕ ਇਕੱਤਰਤਾ ਉਪਰ ਹਮਲਾ ਕਰਨ ਵਾਲੇ ਥਾਣੇ ਅੰਦਰ ਹੀ ਹੋਰ ਤੱਤਾਂ ਨੂੰ ਵੀ ਬੁਲਾ ਕੇ ਅੰਜਲੀ ਉਪਰ ਹਮਲਾ ਕਰਦੇ ਹਨ। ਉਹ ਥਾਣੇ ਵਿੱਚ ਹੀ ਇੱਕ ਕਮਰੇ ਵਿੱਚ ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਉਸਨੂੰ ਡਰਾਉਣ ਧਮਕਾਉਣ ਲਈ ਕਿਹਾ ਜਾਂਦਾ ਹੈ ਕਿ, "ਤੂੰ ਵੱਡੀ ਨੇਤਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ।' ਵਿਦਿਆਰਥੀ ਜੱਥੇਬੰਦੀ ਆਇਸ਼ਾ ਦੀ ਆਗੂ ਅੰਜਲੀ ਦਾ ਕਹਿਣਾ ਹੈ ਉਸਦੇ ਕੱਪੜੇ ਤੱਕ ਪਾੜ ਕੇ ਉਸਨੂੰ ਨੰਗਾ ਕਰਨ ਦੀ ਬੇਸ਼ਰਮੀ ਭਰੀ ਹਰਕਤ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਦਿੱਲੀ ਅਤੇ ਮੁੰਬਈ ਯੂਨੀਵਰਸਿਟੀ ਵਿੱਚ ਐੱਸ ਇਰਫ਼ਾਨ ਹਬੀਬ ਅਤੇ ਨਸੀਰੂਦੀਨ ਸ਼ਾਹ ਦੀ ਜੁਬਾਨਬੰਦੀ ਕਰਨ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਦਿੱਲੀ ਯੂਨੀਵਰਸਿਟੀ ਦੀਆਂ ਦਲਿਤ ਸਮਾਜ ਦੀਆਂ ਕੁੜੀਆਂ ਖਾਸ ਕਰਕੇ ਉਹਨਾਂ ਦੀ ਬੁਲੰਦ ਆਵਾਜ਼, ਅੰਜਲੀ ਨੂੰ ਚੋਣਵਾਂ ਨਿਸ਼ਾਨਾ ਬਣਾਉਣ ਵਰਗੇ ਵਧ ਰਹੇ ਖ਼ਤਰਨਾਕ ਰੁਝਾਨ ਮੁਲਕ ਦੀਆਂ ਦੇਸ਼ ਭਗਤਾਂ ਦੀਆਂ ਵਾਰਸ ਸਭਨਾਂ ਤਾਕਤਾਂ ਨੂੰ ਹੱਕ ਸੱਚ ਇਨਸਾਫ ਲਈ ਜੋਟੀ ਪਾ ਕੇ ਅੱਗੇ ਆਉਣ ਲਈ ਆਵਾਜ਼ ਦੇ ਰਹੇ ਹਨ।
ਦਲਿਤ ਕੁੜੀਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਤੌਹੀਨ ਹੈ ਦੇਸ਼ ਭਗਤ ਯਾਦਗਾਰ ਕਮੇਟੀ
