ਪਟਿਆਲਾ (ਮਨਪ੍ਰੀਤ ਸਿੰਘ):- ਸੁਰਿੰਦਰਾ ਗੈਸ ਸਰਵਿਸ ਦੇ ਮਾਲਕ ਵੱਲੋਂ ਕਥਿਤ ਤੌਰ ’ਤੇ ਧੱਕੇ ਨਾਲ ਕੰਮ ਤੋਂ ਕੱਢੇ ਗਏ ਸਾਰੇ 25 ਵਰਕਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਗੈਸ ਏਜੰਸੀ ਵਰਕਰਜ਼ ਯੂਨੀਅਨ ਦਾ ਸੰਘਰਸ਼ ਜਾਰੀ ਹੈ। ਜਥੇਬੰਦੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਵੱਲ 27 ਅਕਤੂਬਰ ਨੂੰ ਰੱਖਿਆ ਗਿਆ ਸੰਘਰਸ਼ ਪ੍ਰੋਗਰਾਮ ਬਦਲ ਕੇ ਹੁਣ 29 ਅਕਤੂਬਰ ਕਰ ਦਿੱਤਾ ਗਿਆ ਹੈ। ਜਥੇਬੰਦੀ ਨੂੰ ਪਤਾ ਲੱਗਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਮੰਤਰੀ ਜੀ ਸੈਸ਼ਨ ਵਿੱਚ ਰੁੱਝੇ ਹੋਣਗੇ।
ਯੂਨੀਅਨ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ ਨੇ ਕਿਹਾ ਕਿ ਮਾਲਕ ਵੱਲੋਂ ਵਰਕਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਤੇ ਧੱਕੇ ਨਾਲ ਕੰਮ ਤੋਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਗੈਸ ਏਜੰਸੀ ਵਿੱਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਧਾਂਧਲੀ ਨੂੰ ਨੰਗਾ ਕਰਨ ਲਈ ਸੰਘਰਸ਼ ਕਰ ਰਹੀ ਹੈ।
ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਲੱਖੋ ਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਵਧੀਕ ਡਿਪਟੀ ਕਮਿਸ਼ਨਰ (ਏਡੀਸੀ), ਪਟਿਆਲਾ ਵੱਲੋਂ ਫੂਡ ਸਪਲਾਈ ਅਫ਼ਸਰ ਦੀ ਡਿਊਟੀ ਲਗਾਈ ਗਈ ਸੀ ਕਿ ਯੂਨੀਅਨ ਵਿੱਚੋਂ ਕੱਢੇ ਗਏ ਵਰਕਰਾਂ ਨੂੰ ਬਹਾਲ ਕਰਵਾਇਆ ਜਾਵੇ। ਪਰ ਫੂਡ ਸਪਲਾਈ ਅਫ਼ਸਰ ਵੱਲੋਂ ਜਥੇਬੰਦੀ ਨੂੰ ਦਿੱਤੇ ਗਏ ਦੋ ਦਿਨਾਂ ਦੇ ਸਮੇਂ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਜਥੇਬੰਦੀ ਦੇ ਸਾਰੇ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਯੂਨੀਅਨ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਮੈਨੇਜਮੈਂਟ ਇਸ ਮਾਮਲੇ ’ਤੇ ਅੱਖਾਂ ਮੀਚ ਕੇ ਬੈਠੇ ਹਨ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਇਸ ਦੌਰਾਨ ਜੇਕਰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਮੈਨੇਜਮੈਂਟ ਦੀ ਹੋਵੇਗੀ।
ਇਸ ਮੌਕੇ ਮੀਤ ਪ੍ਰਧਾਨ ਸਤਪਾਲ ਸਿੰਘ, ਕੇਸਰ ਸਿੰਘ, ਵਿੱਤ ਸਕੱਤਰ ਅਵਤਾਰ ਸਿੰਘ, ਜਸਵਿੰਦਰ ਸਿੰਘ, ਜਥੇਬੰਦੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਈਟੀਟੀ ਆਗੂ ਸ੍ਰੀ ਨਾਥ, ਜਰਨੈਲ ਸਿੰਘ, ਧੀਰਜ ਕੁਮਾਰ, ਮਨਜੀਤ ਸਿੰਘ, ਸ਼ਾਮਦਾਰ ਮਿਸ਼ਰਾ, ਰਘਵੀਰ ਸਿੰਘ ਨਾਭਾ, ਜਸਵੀਰ ਸਿੰਘ ਆਦਿ ਹਾਜ਼ਰ ਸਨ।
