ਚੰਡੀਗੜ੍ਹ, 9 ਅਕਤੂਬਰ:- ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਕੋਆਰਡੀਨੇਟਰਾਂ, ਅਧਿਕਾਰੀਆਂ ਅਤੇ ਵਲੰਟੀਅਰਾਂ ਨੂੰ ਸਨਮਾਨਿਤ ਕਰਨ ਲਈ ਉਚੇਰੀ ਸਿੱਖਿਆ ਵਿਭਾਗ ਵੱਲੋਂ ‘ਰਾਜ ਐਨਐਸਐਸ ਪੁਰਸਕਾਰ 2025-26’ ਦਿੱਤੇ ਜਾਣਗੇ। ਇਸ ਲਈ ਰਾਜ ਐਨਐਸਐਸ ਸੈੱਲ ਵੱਲੋਂ ਯੂਨੀਵਰਸਿਟੀ, ਜ਼ਿਲ੍ਹਾ ਅਤੇ ਪੌਲੀਟੈਕਨਿਕ ਪੱਧਰ ਦੀਆਂ ਐਨਐਸਐਸ ਇਕਾਈਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲ 2025-26 ਲਈ ਕੁੱਲ 42 ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਵਿੱਚ ਯੂਨੀਵਰਸਿਟੀ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਲਈ ਇੱਕ, ਜ਼ਿਲ੍ਹਾ/ਪੌਲੀਟੈਕਨਿਕ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਲਈ ਇੱਕ, ਐਨਐਸਐਸ ਪ੍ਰੋਗਰਾਮ ਅਧਿਕਾਰੀਆਂ ਅਤੇ ਇਕਾਈਆਂ ਲਈ 30 ਅਤੇ ਐਨਐਸਐਸ ਵਲੰਟੀਅਰਾਂ ਲਈ 10 ਪੁਰਸਕਾਰ ਸ਼ਾਮਲ ਹਨ। ਕੋਆਰਡੀਨੇਟਰਾਂ ਲਈ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਦਾ ਤਸਦੀਕਸ਼ੁਦਾ ਰਿਕਾਰਡ ਲਾਜ਼ਮੀ ਹੋਵੇਗਾ, ਜਦਕਿ ਪ੍ਰੋਗਰਾਮ ਅਧਿਕਾਰੀਆਂ ਅਤੇ ਵਲੰਟੀਅਰਾਂ ਲਈ ਦੋ ਸਾਲਾਂ ਦਾ ਤਸਦੀਕਸ਼ੁਦਾ ਰਿਕਾਰਡ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਹੀ ਮਾਧਿਅਮ ਰਾਹੀਂ ਭੇਜੀਆਂ ਗਈਆਂ ਨਾਮਜ਼ਦਗੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਸਿੱਧੀਆਂ ਭੇਜੀਆਂ ਗਈਆਂ, ਈ-ਮੇਲ ਰਾਹੀਂ ਭੇਜੀਆਂ ਜਾਂ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਦਿੱਤੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਸਿਰਫ਼ ਐਨਐਸਐਸ ਦੇ ਬੈਨਰ ਹੇਠ ਕਰਵਾਈਆਂ ਗਈਆਂ ਸਰਗਰਮੀਆਂ ਨੂੰ ਹੀ ਮਾਨਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਬੰਧਤ ਕੋਆਰਡੀਨੇਟਰਾਂ ਨੂੰ ਤਸਦੀਕਸ਼ੁਦਾ ਨਾਮਜ਼ਦਗੀਆਂ ਅਤੇ ਪੂਰੇ ਭਰੇ ਹੋਏ ਫਾਰਮ 31 ਅਕਤੂਬਰ, 2026 ਤੱਕ ‘ਸਟੇਟ ਐਨਐਸਐਸ ਸੈੱਲ, ਉਚੇਰੀ ਸਿੱਖਿਆ ਵਿਭਾਗ, ਸਿੱਖਿਆ ਸਦਨ, ਸੈਕਟਰ-5, ਪੰਚਕੂਲਾ’ ਵਿਖੇ ਜਮ੍ਹਾਂ ਕਰਵਾਉਣੇ ਹੋਣਗੇ।
