ਊਨਾ, 23 ਨਵੰਬਰ:- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਰਾਹੀਂ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਸੂਬਾ ਸਰਕਾਰ ‘ਖੇਲੋ ਹਿਮਾਚਲ–ਚਿੱਟਾ ਮੁਕਤ ਅਭਿਆਨ 2026’ ਸ਼ੁਰੂ ਕਰਨ ਜਾ ਰਹੀ ਹੈ। ਯੁਵਾ ਸੇਵਾਵਾਂ ਅਤੇ ਖੇਡ ਵਿਭਾਗ ਦੀ ਇਸ ਪਹਿਲ ਦੀ ਸ਼ੁਰੂਆਤ ਜ਼ਿਲ੍ਹਾ ਊਨਾ ਤੋਂ ਹੋਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਈਸ਼ਾਂਤ ਜਸਵਾਲ ਨੇ ਸੋਮਵਾਰ ਨੂੰ ਅਭਿਆਨ ਦੀਆਂ ਤਿਆਰੀਆਂ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਸੂਬਾ ਸਰਕਾਰ ਚਿੱਟੇ ਅਤੇ ਹੋਰ ਨਸ਼ੀਲੇ ਪਦਾਰਥਾਂ ਵਿਰੁੱਧ ਵਿਆਪਕ ਮੁਹਿੰਮ ਚਲਾ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨਾਂ ਦੀ ਊਰਜਾ, ਪ੍ਰਤਿਭਾ ਅਤੇ ਸਮਰੱਥਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਖੇਲੋ ਹਿਮਾਚਲ–ਚਿੱਟਾ ਮੁਕਤ ਅਭਿਆਨ 2026’ ਇਸੇ ਦਿਸ਼ਾ ਵਿੱਚ ਇੱਕ ਹੋਰ ਸਾਰਥਕ ਪਹਿਲ ਹੈ।
ਈਸ਼ਾਂਤ ਜਸਵਾਲ ਨੇ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਖੇਡਾਂ ਨੂੰ ਲੋਕਾਂ ਦੀ ਭਾਗੀਦਾਰੀ ਦਾ ਮਾਧਿਅਮ ਬਣਾ ਕੇ ਸਿਹਤਮੰਦ, ਅਨੁਸ਼ਾਸਿਤ, ਸਸ਼ਕਤ ਅਤੇ ਨਸ਼ਾਮੁਕਤ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰਨਾ ਹੈ। ਖੇਡ ਗਤੀਵਿਧੀਆਂ ਰਾਹੀਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਵਿਕਸਿਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਸੂਬੇ ਦੇ ਸਾਰੇ 12 ਜ਼ਿਲ੍ਹਿਆਂ ਅਤੇ 83 ਉਪਮੰਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ 15 ਤੋਂ 30 ਸਾਲ ਉਮਰ ਵਰਗ ਦੇ ਨੌਜਵਾਨ ਭਾਗ ਲੈ ਸਕਣਗੇ। ਖੇਡਾਂ ਦੇ ਨਿਰਧਾਰਤ ਨਿਯਮਾਂ ਅਨੁਸਾਰ ਪੁਰਸ਼ਾਂ ਅਤੇ ਮਹਿਲਾਵਾਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। 18 ਸਾਲ ਤੋਂ ਘੱਟ ਉਮਰ ਦੇ ਭਾਗੀਦਾਰਾਂ ਲਈ ਬਾਲ ਸੁਰੱਖਿਆ ਅਤੇ ਮਾਪਿਆਂ ਦੀ ਸਹਿਮਤੀ ਨਾਲ ਸਬੰਧਤ ਨਿਰਧਾਰਤ ਨਿਯਮ ਲਾਗੂ ਹੋਣਗੇ।
ਪਹਿਲੇ ਪੜਾਅ ਵਿੱਚ 10 ਖੇਡਾਂ ਸ਼ਾਮਲ ਹੋਣਗੀਆਂ
ਅਭਿਆਨ ਦੇ ਪਹਿਲੇ ਪੜਾਅ ਵਿੱਚ ਕ੍ਰਿਕਟ, ਵਾਲੀਬਾਲ, ਕਬੱਡੀ, ਬੈਡਮਿੰਟਨ, ਐਥਲੈਟਿਕਸ, ਹਾਕੀ, ਕੁਸ਼ਤੀ, ਫੁੱਟਬਾਲ, ਬਾਸਕਟਬਾਲ ਅਤੇ ਰੱਸਾਕਸ਼ੀ ਨੂੰ ਸ਼ਾਮਲ ਕੀਤਾ ਗਿਆ ਹੈ। ਭਵਿੱਖ ਵਿੱਚ ਹੋਰ ਮਾਨਤਾ ਪ੍ਰਾਪਤ ਖੇਡਾਂ ਨੂੰ ਵੀ ਇਸ ਅਭਿਆਨ ਨਾਲ ਜੋੜਨ ਦੀ ਸੰਭਾਵਨਾ ਹੈ।
ਉਪਮੰਡਲ ਤੋਂ ਸੂਬਾ ਪੱਧਰ ਤੱਕ ਹੋਣਗੇ ਮੁਕਾਬਲੇ
ਏਡੀਸੀ ਨੇ ਦੱਸਿਆ ਕਿ ਮੁਕਾਬਲੇ ਤਿੰਨ ਪੱਧਰਾਂ ’ਤੇ ਕਰਵਾਏ ਜਾਣਗੇ। ਸਭ ਤੋਂ ਪਹਿਲਾਂ ਉਪਮੰਡਲ ਪੱਧਰ ’ਤੇ ਮੁਕਾਬਲੇ ਹੋਣਗੇ। ਇੱਥੇ ਚੁਣੇ ਗਏ ਖਿਡਾਰੀ ਅਤੇ ਟੀਮਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਟੀਮਾਂ ਨੂੰ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਉਪਮੰਡਲ ਪੱਧਰ ’ਤੇ ਸਬੰਧਤ ਐਸਡੀਐਮ ਕਮੇਟੀ ਦੇ ਪ੍ਰਧਾਨ ਹੋਣਗੇ ਅਤੇ ਜ਼ਿਲ੍ਹਾ ਯੁਵਾ ਸੇਵਾਵਾਂ ਤੇ ਖੇਡ ਅਧਿਕਾਰੀ ਨੋਡਲ ਅਧਿਕਾਰੀ ਅਤੇ ਮੈਂਬਰ ਸਕੱਤਰ ਦੀ ਭੂਮਿਕਾ ਨਿਭਾਉਣਗੇ। ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਕਮੇਟੀ ਦੇ ਪ੍ਰਧਾਨ ਹੋਣਗੇ। ਸੂਬਾ ਪੱਧਰ ’ਤੇ ਯੁਵਾ ਸੇਵਾਵਾਂ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਮੁਕਾਬਲਿਆਂ ਦੇ ਸੰਚਾਲਨ ਦੀ ਨਿਗਰਾਨੀ ਕਰਨਗੇ।
ਖੇਡਾਂ ਦੇ ਨਾਲ ਚਿੱਟਾ ਮੁਕਤ ਜਾਗਰੂਕਤਾ ਮੁਹਿੰਮ ਵੀ ਚੱਲੇਗੀ
ਅਭਿਆਨ ਤਹਿਤ ਖੇਡ ਮੁਕਾਬਲਿਆਂ ਦੇ ਨਾਲ ਚਿੱਟਾ ਮੁਕਤ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਇਸ ਰਾਹੀਂ ਨੌਜਵਾਨਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਨੌਜਵਾਨਾਂ, ਭਾਈਚਾਰਿਆਂ, ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਸੰਗਠਨਾਂ ਦੀ ਭਾਗੀਦਾਰੀ ਨਾਲ ਨਸ਼ਾਮੁਕਤ ਹਿਮਾਚਲ ਲਈ ਸੂਬਾ ਪੱਧਰੀ ਜਨ ਅੰਦੋਲਨ ਖੜ੍ਹਾ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ।
ਰਜਿਸਟ੍ਰੇਸ਼ਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ
ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸਮਰਪਿਤ ਗੇਮਜ਼ ਮੈਨੇਜਮੈਂਟ ਸਿਸਟਮ (ਜੀਐਮਐਸ) ਰਾਹੀਂ ਕੀਤੀ ਜਾਵੇਗੀ। ਇਸ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਈ ਜਾਵੇਗੀ। ਹਰੇਕ ਰਜਿਸਟਰਡ ਭਾਗੀਦਾਰ ਨੂੰ ਵਿਲੱਖਣ ‘ਖੇਲੋ ਹਿਮਾਚਲ ਐਥਲੀਟ ਆਈਡੀ’ ਵੀ ਜਾਰੀ ਕੀਤੀ ਜਾਵੇਗੀ।
ਵੱਖ-ਵੱਖ ਪੱਧਰਾਂ ’ਤੇ ਮਿਲਣਗੇ ਨਕਦ ਇਨਾਮ
ਯੋਜਨਾ ਦੇ ਖਾਕੇ ਵਿੱਚ ਪ੍ਰੋਤਸਾਹਨ ਅਤੇ ਹੋਰ ਸਬੰਧਤ ਗਤੀਵਿਧੀਆਂ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਉਪਮੰਡਲ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਜਾਂ ਟੀਮ ਨੂੰ 51 ਹਜ਼ਾਰ ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 41 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ਲਈ ਦੋ ਲੱਖ ਰੁਪਏ, ਦੂਜੇ ਸਥਾਨ ਲਈ ਡੇਢ ਲੱਖ ਰੁਪਏ ਅਤੇ ਤੀਜੇ ਸਥਾਨ ਲਈ ਇੱਕ ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ। ਇਸੇ ਤਰ੍ਹਾਂ ਸੂਬਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ ਤਿੰਨ ਲੱਖ ਦਸ ਹਜ਼ਾਰ ਰੁਪਏ, ਦੂਜੇ ਸਥਾਨ ਵਾਲੇ ਨੂੰ ਡੇਢ ਲੱਖ ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਮਿਲੇਗਾ।
ਇਸ ਤੋਂ ਇਲਾਵਾ ਕੁਸ਼ਤੀ ਅਤੇ ਰੱਸਾਕਸ਼ੀ ਦੇ ਸੂਬਾ ਪੱਧਰੀ ਜੇਤੂਆਂ ਲਈ 1.10 ਲੱਖ ਰੁਪਏ, 5 ਲੱਖ ਰੁਪਏ ਅਤੇ 3 ਲੱਖ ਰੁਪਏ ਦੇ ਵਿਸ਼ੇਸ਼ ਨਕਦ ਇਨਾਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜੇਤੂਆਂ ਨੂੰ ਨਕਦ ਇਨਾਮਾਂ ਦੇ ਨਾਲ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਏਡੀਸੀ ਨੇ ਕਿਹਾ ਕਿ ਇਹ ਪਹਿਲ ਸੂਬੇ ਦੀਆਂ ਖੇਡ ਪ੍ਰਤਿਭਾਵਾਂ ਨੂੰ ਪਛਾਣ ਅਤੇ ਅੱਗੇ ਵਧਣ ਦੇ ਮੌਕੇ ਦੇਣ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਵਿੱਚ ਸਹਾਇਕ ਹੋਵੇਗੀ। ਖੇਡਾਂ ਰਾਹੀਂ ਨੌਜਵਾਨਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜ ਕੇ ਨਸ਼ਾਮੁਕਤ ਹਿਮਾਚਲ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਰਾਜ ਟਰਾਂਸਪੋਰਟ ਅਥਾਰਟੀ ਦੇ ਮੈਂਬਰ ਅਸ਼ੋਕ ਠਾਕੁਰ, ਉਪ ਨਿਰਦੇਸ਼ਕ ਮੁੱਢਲੀ ਸਿੱਖਿਆ ਊਨਾ ਸੋਮਲਾਲ ਧੀਮਾਨ, ਏਐਸਪੀ ਊਨਾ ਅਜੈ ਰਾਣਾ, ਜ਼ਿਲ੍ਹਾ ਖੇਡ ਅਧਿਕਾਰੀ ਊਨਾ ਪ੍ਰਿੰਸ ਪਠਾਨੀਆ, ਸਿਹਤ ਵਿਭਾਗ ਤੋਂ ਗੋਪਾਲ ਕ੍ਰਿਸ਼ਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
