ਅੰਬਾਲਾ, 13 ਨਵੰਬਰ (ਆਰ. ਸਿੰਘ):- ਅੰਬਾਲਾ ਕੈਂਟ ਵਿੱਚ ਸਥਿਤ ਰਿਹਾਇਸ਼ੀ ਤੈਰਾਕੀ ਖੇਡ ਅਕੈਡਮੀ ਲਈ ਖਿਡਾਰੀਆਂ ਦੇ ਟਰਾਇਲ ਅੱਜ ਇੱਥੋਂ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿੱਚ ਸਥਿਤ ਆਲ ਵੈਦਰ ਸਵਿਮਿੰਗ ਪੂਲ ਵਿੱਚ ਜ਼ਿਲ੍ਹਾ ਖੇਡ ਅਧਿਕਾਰੀ ਰਾਮ ਸਵਰੂਪ ਦੀ ਅਗਵਾਈ ਵਾਲੀ ਵਿਭਾਗੀ ਕਮੇਟੀ ਵੱਲੋਂ ਲਏ ਗਏ। ਇਸ ਕਮੇਟੀ ਵਿੱਚ ਮੁਕੇਸ਼ ਕੁਮਾਰ, ਤੈਰਾਕੀ ਕੋਚ ਪੰਚਕੂਲਾ ਅਤੇ ਪ੍ਰਕਾਸ਼ ਕਾਦੀਆਨ, ਤੈਰਾਕੀ ਕੋਚ ਪਲਵਲ ਸ਼ਾਮਲ ਸਨ।

ਟਰਾਇਲਾਂ ਵਿੱਚ ਹਰਿਆਣਾ ਦੇ ਪਾਣੀਪਤ, ਫਤਿਹਾਬਾਦ, ਕਰਨਾਲ, ਜੀਂਦ, ਅੰਬਾਲਾ, ਚਰਖੀ ਦਾਦਰੀ, ਭਿਵਾਨੀ, ਕੁਰੂਕਸ਼ੇਤਰ, ਪੰਚਕੂਲਾ, ਹਿਸਾਰ ਅਤੇ ਸਿਰਸਾ ਜ਼ਿਲ੍ਹਿਆਂ ਦੇ ਲਗਭਗ 90 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਦੀ ਸਵੇਰੇ 9:00 ਵਜੇ ਆਲ ਵੈਦਰ ਸਵਿਮਿੰਗ ਪੂਲ ਵਿੱਚ ਰਜਿਸਟ੍ਰੇਸ਼ਨ ਕੀਤੀ ਗਈ, ਜਿਸ ਤੋਂ ਬਾਅਦ ਸਾਰੇ ਖਿਡਾਰੀਆਂ ਦੇ ਪੂਲ ਵਿੱਚ ਟਰਾਇਲ ਲਏ ਗਏ।

10 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਲਈ 200 ਮੀਟਰ ਫ੍ਰੀਸਟਾਈਲ, 200 ਮੀਟਰ ਆਈ.ਐਮ., 100 ਮੀਟਰ ਮੇਨ ਸਟ੍ਰੋਕ ਅਤੇ 50 ਮੀਟਰ ਫ੍ਰੀਸਟਾਈਲ ਮੁਕਾਬਲਿਆਂ ਵਿੱਚ ਟਰਾਇਲ ਲਏ ਗਏ। ਇਸੇ ਤਰ੍ਹਾਂ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਲਈ 400 ਮੀਟਰ ਫ੍ਰੀਸਟਾਈਲ, 200 ਮੀਟਰ ਆਈ.ਐਮ., 100 ਮੀਟਰ ਮੇਨ ਸਟ੍ਰੋਕ ਅਤੇ 50 ਮੀਟਰ ਫ੍ਰੀਸਟਾਈਲ ਮੁਕਾਬਲਿਆਂ ਵਿੱਚ ਟਰਾਇਲ ਕਰਵਾਏ ਗਏ।

ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵਿੱਚੋਂ 25 ਖਿਡਾਰੀਆਂ (ਲੜਕੇ ਅਤੇ ਲੜਕੀਆਂ) ਦੀ ਤੈਰਾਕੀ ਖੇਡ ਰਿਹਾਇਸ਼ੀ ਅਕੈਡਮੀ ਲਈ ਚੋਣ ਕੀਤੀ ਜਾਵੇਗੀ ਅਤੇ 10 ਖਿਡਾਰੀਆਂ ਨੂੰ ਰਿਜ਼ਰਵ ਸੂਚੀ ਵਿੱਚ ਰੱਖਿਆ ਜਾਵੇਗਾ। ਚੁਣੇ ਗਏ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਬਣਾਏ ਗਏ ਹੋਸਟਲ ਵਿੱਚ ਖਾਣੇ ਦੀ ਸਹੂਲਤ ਸਮੇਤ ਰੱਖਿਆ ਜਾਵੇਗਾ।