ਨਵਾਂਸ਼ਹਿਰ, 4 ਅਕਤੂਬਰ (ਦੇਸ ਰਾਜ ਬਾਲੀ):- ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵੱਲੋਂ ਯੁਵਾ ਵਰਗ ਦੀ ਸੋਚ ਜਾਣਨ ਲਈ ਭਾਸ਼ਨ ਪ੍ਰਤੀਯੋਗਤਾਵਾਂ ਰਾਹੀਂ ਵਿਚਾਰ ਜਾਣੇ ਜਾਣਗੇ ਅਤੇ ਉਸਾਰੂ ਸੁਝਾਵਾਂ ਅਨੁਸਾਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਅਨੁਸਾਰ ਵਿਦਿਅਕ ਅਦਾਰਿਆਂ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਨ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ। ਹਰ ਪ੍ਰਤੀਯੋਗੀ ਦੇ ਲਿਖਤੀ ਭਾਸ਼ਨ ਵੀ ਪ੍ਰਾਪਤ ਕੀਤੇ ਜਾਣਗੇ ਅਤੇ ਜੱਜ ਸਾਹਿਬਾਨ ਵੱਲੋਂ ਦਿੱਤੀ ਜੱਜਮੈਂਟ ਅਨੁਸਾਰ ਦਰਜਾਵਾਰ ਸਨਮਾਨਿਤ ਕੀਤਾ ਜਾਵੇਗਾ।
ਇਹ ਵਿਚਾਰ ਸਥਾਨਕ ਗੁਰੂ ਨਾਨਕ ਨਗਰ ਦੇ “ਗਿਰਨ ਭਵਨ” ਵਿਖੇ ਸੋਸਾਇਟੀ ਦੀ ਮੀਟਿੰਗ ਵਿੱਚ ਕੀਤੇ ਗਏ, ਜਿਸ ਦੀ ਪ੍ਰਧਾਨਗੀ ਜੇ.ਐਸ. ਗਿੱਦਾ ਪ੍ਰਧਾਨ ਨੇ ਕੀਤੀ। ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਨੇ ਚਾਰ ਮਹੀਨੇ ਬਾਅਦ ਵਤਨ ਵਾਪਸੀ ’ਤੇ ਪ੍ਰਧਾਨ ਨੂੰ ਜੀ ਆਇਆਂ ਆਖਦਿਆਂ ਮੀਟਿੰਗ ਦਾ ਸੰਚਾਲਨ ਕੀਤਾ ਅਤੇ ਸੋਸਾਇਟੀ ਵੱਲੋਂ ਵੋਕੇਸ਼ਨਲ ਟ੍ਰੇਨਿੰਗ ਤਹਿਤ ਲੜਕੀਆਂ ਵਾਸਤੇ ਕਟਾਈ-ਸਿਲਾਈ ਤੇ ਇੰਬਰਾਇਡਰੀ ਦੇ ਮੁਫਤ ਕੋਰਸਾਂ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ।
ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ-ਸਿਲਾਈ ਤੇ ਇੰਬਰਾਇਡਰੀ ਬੈਚ ਦੀਆਂ ਵਿਦਿਆਰਥਣਾਂ ਨਾਲ ਉਪਕਾਰ ਮਹਿਲਾ ਮੈਂਬਰ ਮੀਟਿੰਗ ਕਰਕੇ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਸੋਸਾਇਟੀ ਨੂੰ ਭਵਿੱਖ ਲਈ ਉਸਾਰੂ ਸੁਝਾਅ ਦੇਣਗੇ।
ਫੈਸਲਾ ਹੋਇਆ ਕਿ ਚੱਕ ਗੁਰੂ ਤੇ ਸਮੁੰਦੜਾ ਪਿੰਡਾਂ ਵੱਲੋਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਵਿਲੱਖਣ ਕੰਮ ਨੂੰ ਵੇਖਣ ਲਈ ਉਪਕਾਰ ਸੋਸਾਇਟੀ ਦੀ ਐਗਜ਼ੈਕਟਿਵ ਕਮੇਟੀ ਦਾ ਵਫ਼ਦ ਨਵੰਬਰ ਦੇ ਪਹਿਲੇ ਹਫ਼ਤੇ ਸਟੇਡੀਅਮ ਵਿੱਚ ਹੋਣ ਵਾਲੇ ਟੂਰਨਾਮੈਂਟ ਨੂੰ ਵੇਖਣ ਜਾਵੇਗਾ ਅਤੇ ਖੇਡਾਂ ਦੇ ਪਸਾਰ ਲਈ ਇਸ ਪ੍ਰੋਜੈਕਟ ਨੂੰ ਰੋਲ-ਮਾਡਲ ਰੁਤਬਾ ਦੇਣ ਬਾਰੇ ਕਾਰਵਾਈ ਕੀਤੀ ਜਾਵੇਗੀ।
ਮੈਡਮ ਹਰਬੰਸ ਕੌਰ ਦੀ ਵਿਦੇਸ਼ ਯਾਤਰਾ ਲਈ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵੱਲੋਂ ਸੋਸਾਇਟੀ ਨੂੰ ਮੁਫਤ ਕਟਾਈ-ਸਿਲਾਈ ਤੇ ਇੰਬਰਾਇਡਰੀ ਟ੍ਰੇਨਿੰਗ ਲਈ ਦੋ ਟੇਬਲ ਵਾਲੀਆਂ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਤੇ ਸੰਸਥਾ ਵੱਲੋਂ ਧੰਨਵਾਦ ਕੀਤਾ ਗਿਆ।
ਮੀਟਿੰਗ ਵਿੱਚ ਜੇ.ਐਸ. ਗਿੱਦਾ, ਰਾਣਾ ਪਰਵਿੰਦਰ ਸਿੰਘ ਪ੍ਰਿੰਸੀਪਲ, ਦੇਸ ਰਾਜ ਬਾਲੀ, ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਜੋਗਾ ਸਿੰਘ ਸਾਧੜਾ, ਡਾ. ਅਵਤਾਰ ਸਿੰਘ ਦੇਣੋਵਾਲ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਨਾਨੋਵਾਲ੍ਹੀਆ, ਸਤਨਾਮ ਸਿੰਘ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਸੁੱਖਵਿੰਦਰ ਕੌਰ ਸੁੱਖੀ, ਪਲਵਿੰਦਰ ਕੌਰ ਬਡਵਾਲ੍ਹ, ਗਗਨਪ੍ਰੀਤ ਸਿੰਘ, ਨੀਲਮ ਮੌਰੀਆ ਤੇ ਕਮਲਜੀਤ ਸਿੰਘ ਦੇਣੋਵਾਲ੍ਹ ਕਲਾਂ ਹਾਜ਼ਰ ਹੋਏ।
