ਨਵਾਂਸ਼ਹਿਰ (ਦੇਸ ਰਾਜ ਬਾਲੀ):- ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ. ਬਲੱਡ ਸੈਂਟਰ ਵੱਲੋਂ ਦੁਸਹਿਰੇ, ਦੀਵਾਲੀ ਅਤੇ ਮਹਾਂਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਇੱਕ ਮਹੀਨੇ ਲਈ ਬਲੱਡ ਯੂਨਿਟ ਟੈਸਟ ਫੀਸਾਂ ਵਿੱਚ ਵਿਸ਼ੇਸ਼ ਰਿਆਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪ੍ਰਤੀ ਬਲੱਡ ਯੂਨਿਟ ਟੈਸਟ ਲਈ 1,150 ਰੁਪਏ ਫੀਸ ਲਈ ਜਾਂਦੀ ਹੈ, ਜੋ ਛੋਟ ਅਧੀਨ ਘਟਾ ਕੇ 950 ਰੁਪਏ ਰਹਿ ਜਾਵੇਗੀ। ਇਹ ਛੋਟ ਇੱਕ ਸਮਾਜ ਸੇਵੀ ਸ਼ਖ਼ਸੀਅਤ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਇਹ ਰਿਆਇਤ 18 ਨਵੰਬਰ ਤੱਕ ਜਾਰੀ ਰਹੇਗੀ। ਬੀ.ਡੀ.ਸੀ. ਦੇ ਪ੍ਰਧਾਨ ਐਸ.ਕੇ. ਸਰੀਨ, ਮੀਤ ਪ੍ਰਧਾਨ ਜੀ.ਐਸ. ਤੂਰ, ਸਕੱਤਰ ਜੇ.ਐਸ. ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਬੀ.ਟੀ.ਓ. ਡਾ. ਅਜੇ ਬੱਗਾ ਨੇ ਸਮਾਜ ਸੇਵੀ ਸੱਜਣ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਇਹ ਜਾਣਕਾਰੀ ਪ੍ਰੈੱਸ ਰਾਹੀਂ ਆਮ ਜਨਤਾ ਅਤੇ ਲੋੜਵੰਦਾਂ ਨਾਲ ਸਾਂਝੀ ਕੀਤੀ।