ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਲੁਧਿਆਣਾ ਵਿਖੇ ਕਰਵਾਈ ਗਈ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਵਿੱਚ ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸਕੂਲ ਦੇ 12 ਵਿਸ਼ੇਸ਼ ਬੱਚਿਆਂ ਨੇ ਭਾਗ ਲਿਆ। ਐਥਲੈਟਿਕਸ ਦੇ 16 ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਸਕੂਲ ਦੀ ਵਿਦਿਆਰਥਣ ਆਰੂਸ਼ੀ ਨੇ ਦੋ ਸੋਨੇ ਦੇ ਤਗਮੇ ਅਤੇ ਜਗਜੋਤ ਨੇ ਵੀ ਦੋ ਸੋਨੇ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਗੁਲਸ਼ਨ, ਮਾਧਵ, ਸੰਦੀਪ ਕਾਤ੍ਰਿਕ, ਤਨਿਸ਼ਾ ਅਤੇ ਪਰਮਿੰਦਰ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।

ਖੇਡ ਮੁਕਾਬਲਿਆਂ ਵਿੱਚ ਲੜਕਿਆਂ ਦੀ ਬੈਡਮਿੰਟਨ ਟੀਮ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਲੜਕੀਆਂ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਹੋਰ ਖੇਡ ਮੁਕਾਬਲਿਆਂ ਵਿੱਚ ਵੀ ਬੱਚਿਆਂ ਨੇ ਤਗਮੇ ਜਿੱਤੇ। ਕੁੱਲ ਮਿਲਾ ਕੇ ਸਕੂਲ ਦੇ ਵਿਦਿਆਰਥੀਆਂ ਨੇ 10 ਸੋਨੇ, 4 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤੇ।

ਐੱਸ.ਓ.ਬੀ. ਪੰਜਾਬ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ, ਪ੍ਰਧਾਨ ਅਸ਼ੋਕ ਅਰੋੜਾ ਅਤੇ ਅਨਿਲ ਗੋਇਲ ਨੇ ਸਕੂਲ ਵਿਖੇ ਸਾਰੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਪਰਮਜੀਤ ਸਚਦੇਵਾ ਨੇ ਕਿਹਾ ਕਿ ਵਿਸ਼ੇਸ਼ ਬੱਚੇ ਕਿਸੇ ਤੋਂ ਵੀ ਘੱਟ ਨਹੀਂ ਹਨ। ਇਨ੍ਹਾਂ ਬੱਚਿਆਂ ਨੂੰ ਵੀ ਦੂਜੇ ਬੱਚਿਆਂ ਵਾਂਗ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ।

ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਮੈਂਬਰ ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਪ੍ਰਿੰਸੀਪਲ ਸ੍ਰੀਮਤੀ ਸ਼ੈਲੀ ਸ਼ਰਮਾ ਅਤੇ ਕੋਚ ਵੀ ਮੌਜੂਦ ਸਨ।