ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਕਤੂਬਰ, 2026:- ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਸ਼ੇਸ਼ ਮੁਹਿੰਮ ਅਤੇ ਵਿਸ਼ੇਸ਼ ਸਰਸਰੀ ਸੁਧਾਈ (ਐਸ.ਐਸ.ਆਰ.) ਤਹਿਤ 24 ਅਕਤੂਬਰ, 2026 (ਸ਼ਨੀਵਾਰ) ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਸਬੰਧਤ ਸਬ ਡਵੀਜ਼ਨਲ ਅਧਿਕਾਰੀਆਂ (ਈ.ਆਰ.ਓਜ਼) ਨੂੰ ਕੈਂਪਾਂ ਦੀ ਨਿਰਧਾਰਤ ਮਿਤੀ ਅਤੇ ਸਮੇਂ ਅਨੁਸਾਰ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨੂੰ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵੋਟਰ ਸੂਚੀ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਸਹਾਇਤਾ ਦੇਣਾ ਹੈ। ਕੈਂਪਾਂ ਦੌਰਾਨ ਬੀ.ਐਲ.ਓਜ਼ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਐਸ.ਆਈ.ਆਰ.-2026 ਦੀ ਅੰਤਿਮ ਵੋਟਰ ਸੂਚੀ ਸਮੇਤ ਹਾਜ਼ਰ ਰਹਿਣਗੇ, ਤਾਂ ਜੋ ਆਮ ਲੋਕ ਆਸਾਨੀ ਨਾਲ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਜਾਂਚ ਕਰ ਸਕਣ।
ਇਸ ਤੋਂ ਇਲਾਵਾ, ਜਿਨ੍ਹਾਂ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਉਨ੍ਹਾਂ ਨੂੰ ਵੋਟਰ ਵਜੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ। ਪਹਿਲੀ ਵਾਰ ਵੋਟ ਬਣਵਾਉਣ ਦੇ ਯੋਗ ਨੌਜਵਾਨਾਂ ਨੂੰ ਵੀ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਜੋ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾ ਸਕਣ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਫਾਰਮ ਨੰਬਰ 6, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਫਾਰਮ ਨੰਬਰ 6ਏ ਅਤੇ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਵੇਰਵਿਆਂ ਵਿੱਚ ਸੋਧ, ਪਤੇ ਦੀ ਤਬਦੀਲੀ ਜਾਂ ਵੋਟਰ ਸ਼ਨਾਖਤੀ ਕਾਰਡ ਨਾਲ ਸਬੰਧਤ ਲੋੜੀਂਦੀਆਂ ਸੇਵਾਵਾਂ ਲਈ ਫਾਰਮ ਨੰਬਰ 8 ਭਰਨ ਸਬੰਧੀ ਯੋਗ ਵੋਟਰਾਂ ਦੀ ਸਹਾਇਤਾ ਕੀਤੀ ਜਾਵੇਗੀ।
ਸਬੰਧਤ ਅਧਿਕਾਰੀਆਂ ਅਤੇ ਚੋਣ ਅਮਲੇ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਕੈਂਪਾਂ ਦੌਰਾਨ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪੋਲਿੰਗ ਬੂਥਾਂ ’ਤੇ ਆਉਣ ਵਾਲੇ ਵੋਟਰਾਂ ਨੂੰ ਵੋਟਰ ਸੂਚੀ ਦੀ ਜਾਂਚ ਕਰਨ ਅਤੇ ਫਾਰਮ ਭਰਨ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਚੋਣ ਅਧਿਕਾਰੀਆਂ ਅਤੇ ਬੀ.ਐਲ.ਓਜ਼ ਨੂੰ ਨਿਰਧਾਰਤ ਮਿਤੀ ਅਤੇ ਸਮੇਂ ਅਨੁਸਾਰ ਆਪਣੀ ਡਿਊਟੀ ਨਿਭਾਉਣ ਅਤੇ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਵਿਸ਼ੇਸ਼ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਵੱਧ ਤੋਂ ਵੱਧ ਯੋਗ ਵੋਟਰ ਇਨ੍ਹਾਂ ਦਾ ਲਾਭ ਲੈ ਸਕਣ।
